
ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ’ਚ ਬਹੁਤ ਕੁਝ ਕੀਤਾ
ਕੋਟਕਪੂਰਾ: ਪੰਜਾਬ ਚੋਣਾਂ ਨੂੰ ਲੈ ਕੇ ਹੁਣ ਹਰ ਪਾਰਟੀ ਪੂਰੇ ਜ਼ੋਰ ਸ਼ੋਰ ਨਾਲ ਲੋਕਾਂ ਨੂੰ ਆਪਣੇ ਨਾਲ ਵੱਲ ਲਿਆਉਣਾ ਚਾਹੁੰਦੀ ਹੈ। ਇਸੇ ਕੜੀ ਵਿਚ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪੰਜਾਬ ਫੇਰੀ ਦੌਰਾਨ ਕੋਟਕਪੂਰਾ ਪਹੁੰਚੇ। ਇਥੇ ਪਹੁੰਚਣ ’ਤੇ ਉਨ੍ਹਾਂ ਦਾ ਵਰਕਰਾਂ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਕੋਟਕਪੂਰਾ ਤੋਂ ਉਮੀਦਵਾਰ ਅਜੇਪਾਲ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਪ੍ਰਿਯੰਕਾ ਨੇ ਭਾਜਪਾ ’ਤੇ ਨਿਸ਼ਾਨੇ ਵਿੰਨ੍ਹੇ, ਉਥੇ ਹੀ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ’ਤੇ ਤੰਜ਼ ਕੱਸਿਆ।
Priyanka Gandhi Vadra
ਉਹਨਾਂ ਕਿਹਾ ਕਿ ਕੈਪਟਨ ਸਰਕਾਰ 'ਚ ਕੁੱਝ ਖ਼ਾਮੀਆਂ ਸਨ। ਉਹ ਰਸਤੇ ਤੋਂ ਭਟਕ ਗਏ ਸਨ। ਕੈਪਟਨ ਦੇ ਸਮੇਂ ਸਰਕਾਰ ਪੰਜਾਬ ਤੋਂ ਚੱਲਣੀ ਬੰਦ ਹੋ ਗਈ ਤੇ ਦਿੱਲੀ ਤੋਂ ਚੱਲਣੀ ਸ਼ੁਰੂ ਹੋ ਗਈ ਸੀ ਤੇ ਉਹ ਵੀ ਭਾਜਪਾ ਦੇ ਅਧੀਨ। ਜਦੋਂ ਭਾਜਪਾ-ਕੈਪਟਨ ਦੀ ਲੁਕੀ ਹੋਈ ਗੰਢਤੁਪ ਸਭ ਦੇ ਸਾਹਮਣੇ ਆ ਗਈ ਉਦੋਂ ਸਾਨੂੰ ਮੁੱਖ ਮੰਤਰੀ ਬਦਲਣਾ ਪਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ’ਚ ਬਹੁਤ ਕੁਝ ਕੀਤਾ ਹੈ।
Priyanka Gandhi Vadra
CM ਚੰਨੀ ਦਾ ਕਦੇ ਵੀ ਫੋਨ ਨਹੀਂ ਮਿਲਦਾ। ਉਹ ਦਿਨ ਰਾਤ ਲੋਕਾਂ ਲਈ ਕੰਮ ਕਰਦੇ ਰਹਿੰਦੇ ਹਨ। ਅਸੀਂ ਖ਼ੁਸ਼ ਹੁੰਦੇ ਹਾਂ ਕਿ ਉਹ ਤੁਹਾਡੇ ਲਈ ਕੰਮ ਕਰ ਰਹੇ ਹਨ। ਉਹਨਾਂ ਨੂੰ ਇਕ ਮੌਕਾ ਦੇਵੋ ਤਾਂ ਜੋ ਉਹ ਫਿਰ ਤੋਂ ਪੰਜਾਬ ਨੂੰ ਮਜ਼ਬੂਤ ਬਣਾ ਸਕਣ। ਚੰਨੀ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ-ਨਾਲ ਬਿਜਲੀ ਦੇ ਬਿੱਲ ਵੀ ਮੁਆਫ਼ ਕੀਤੇ ਹਨ।
Priyanka Gandhi Vadra
ਕਿਸਾਨ ਅੰਦੋਲਨ ਅਤੇ ਲਖੀਮਪੁਰ ਖੀਰੀ ਦੇ ਕਾਂਡ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਅੰਦਰ ਸੇਵਾ ਦੀ ਭਾਵਨਾ ਵਾਰ-ਵਾਰ ਵੇਖੀ ਗਈ, ਇਹੀ ਕਿਸਾਨਾਂ ਦੀ ਪੰਜਾਬੀਅਤ ਹੈ। ਕਿੰਨੇ ਕਿਸਾਨ ਸ਼ਹੀਦ ਹੋਏ ਪਰ ਕਿਸਾਨ ਕਦੇ ਪਿੱਛੇ ਨਹੀਂ ਹਟੇ। ਤੁਸੀਂ ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਝੁਕੇ। ਇਹੀ ਪੰਜਾਬੀਆਂ ਦੀ ਪੰਜਾਬੀਅਤ ਹੈ ਕਿ ਉਹ ਕਿਸੇ ਦੇ ਸਾਹਮਣੇ ਝੁਕਦੇ ਨਹੀਂ ਹਨ।
Priyanka Gandhi Vadra
ਮੈਂ ਲਖੀਮਪੁਰ ਖੀਰੀ ਗਈ, ਜਿੱਥੇ 6 ਕਿਸਾਨਾਂ ਨੂੰ ਕੁਚਲਿਆ ਗਿਆ, ਉਥੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੀ ਤਾਂ ਬੇਹੱਦ ਦੁਖ਼ ਹੋਇਆ। ਵਿਧਵਾ ਔਰਤਾਂ ਵੀ ਨਹੀਂ ਝੁੱਕੀਆਂ ਅਤੇ ਹੱਕ ਦੀ ਲੜਾਈ ਲੜਦੀਆਂ ਰਹੀਆਂ ਹਨ। ਕਿਸਾਨਾਂ ਨੇ ਕਿੰਨਾ ਸੰਘਰਸ਼ ਕੀਤਾ ਪਰ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ।
ਕੇਜਰੀਵਾਲ ਤੇ ਤੰਜ਼ ਕੱਸਦਿਆਂ ਉਹਨਾਂ ਕਿਹਾ ਕਿ ਦਿੱਲੀ ਮਾਡਲ ਦੇ ਨਾਂ 'ਤੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 'ਆਪ' ਨੇ ਦਿੱਲੀ 'ਚ ਕੁਝ ਨਹੀਂ ਕੀਤਾ। ਪੰਜਾਬ ’ਚ ‘ਆਪ’ ਦੀ ਸਰਕਾਰ ਬਣੀ ਤਾਂ ਦਿੱਲੀ ਤੋਂ ਚੱਲੇਗੀ।