
ਕੋਰੋਨਾ ਦੇ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ ਘਰ 'ਚ ਇਕਾਂਤਵਾਸ ਰਹਿਣ ਦੀ ਦਿਤੀ ਜਾਵੇਗੀ ਸਹੂਲਤ
ਘਰਾਂ 'ਚ ਇਕਾਂਤਵਾਸ ਮਰੀਜ਼ਾਂ ਦਾ ਫ਼ਾਲੋ-ਅਪ ਕਰਨਗੀਆਂ ਟੀਮਾਂ
to
ਚੰਡੀਗੜ੍ਹ, 24 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਘਰੇਲੂ ਇਕਾਂਤਵਾਸ ਅਧੀਨ ਰਹਿ ਰਹੇ ਬਿਨਾਂ ਲੱਛਣ/ਹਲਕੇ ਲੱਛਣ ਵਾਲੇ ਮਰੀਜ਼ਾਂ ਅਤੇ 60 ਸਾਲ ਤੋਂ ਵੱਧ ਉਮਰ ਅਤੇ ਸਹਿ-ਰੋਗ ਵਾਲੇ ਮਰੀਜ਼ਾਂ ਅਤੇ ਗਰਭਵਤੀ ਮਹਿਲਾਵਾਂ ਦੇ ਮੈਡੀਕਲ ਫਿਟਨੈੱਸ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਅਜਿਹੇ ਸਾਰੇ ਮਰੀਜ਼ਾਂ ਦੇ ਨਮੂਨੇ ਲੈਣ ਵੇਲੇ ਘਰ ਵਿਚ ਹੀ ਇਕਾਂਤਵਾਸ ਰਹਿਣ ਦੀ ਸਹੂਲਤ ਉਪਲਬਧ ਹੋਣ ਸਬੰਧੀ ਸਵੈ-ਘੋਸ਼ਣਾ ਪੱਤਰ ਦੇ ਸਕਦੇ ਹਨ ਅਤੇ ਜੇਕਰ ਉਹ ਬਾਅਦ ਵਿਚ ਕੋਵਿਡ -19 ਟੈਸਟ ਦੇ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਉਹ ਘਰ ਵਿਚ ਇਕਾਂਤਲਵਾਸ ਰਹਿਣ ਦੇ ਯੋਗ ਹੋਣਗੇ।
ਇਹ ਦਿਸ਼ਾ-ਨਿਰਦੇਸ਼ ਘਰੇਲੂ ਇਕਾਂਤਵਾਸ ਬਿਨਾਂ ਲੱਛਣ/ਹਲਕੇ ਲੱਛਣ ਵਾਲੇ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਹੋਣ ਵਾਲੇ ਮਰੀਜ਼ਾਂ 'ਤੇ ਵੀ ਲਾਗੂ ਹੁੰਦੇ ਹਨ। ਪ੍ਰੈੱਸ ਬਿਆਨ ਰਾਹੀਂ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਨਮੂਨਾ ਲੈਣ ਸਮੇਂ ਉਪਲਬਧ ਡਾਕਟਰ ਅਜਿਹੇ ਸਾਰੇ ਵਿਅਕਤੀਆਂ ਨੂੰ ਘਰਾਂ ਵਿਚ ਇਕਾਂਤਵਾਸ ਸਬੰਧੀ ਉਨ੍ਹਾਂ ਦੀ ਮੈਡੀਕਲ ਫਿਟਨੈੱਸ ਦੀ ਜਾਂਚ ਕਰਨਗੇ। ਜੇ ਅਜਿਹੇ ਮਰੀਜ਼ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਪ੍ਰੋਟੋਕੋਲ ਅਨੁਸਾਰ ਉਹ ਘਰਾਂ ਵਿਚ ਹੀ ਇਕਾਂਤਵਾਸ ਰਹਿਣਾ ਜਾਰੀ ਰੱਖਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਉਨ੍ਹਾਂ ਮਰੀਜ਼ਾਂ ਵਿਚ ਕੋਈ ਲੱਛਣ ਨਹੀਂ ਜਾਂ ਹਲਕੇ ਲੱਛਣ ਹੀ ਰਹਿੰਦੇ ਹਨ ਤਾਂ ਉਹਨਾਂ ਨੂੰ ਹਸਪਤਾਲ ਲਿਆਉਣ ਦੀ ਕੋਈ ਲੋੜ ਨਹੀਂ।
ਸ. ਸਿੱਧੂ ਨੇ ਅੱਗੇ ਕਿਹਾ ਕਿ ਇਹ ਲਾਜ਼ਮੀ ਹੈ, ਮਰੀਜ਼ ਇਕ ਕਿੱਟ ਖ਼ਰੀਦੇਗਾ ਜਿਸ ਵਿਚ ਥਰਮਾਮੀਟਰ, ਪਲਸ ਆਕਸੀਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀਆਂ ਗੋਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕਿਸੇ ਵੀ ਲੱਛਣ ਲਈ ਬਾਕਾਇਦਾ ਅਪਣੇ ਆਪ ਦੀ ਨਿਗਰਾਨੀ ਕਰਨਗੇ ਅਤੇ ਲੱਛਣ ਦਿਖਾਈ ਦੇਣ ਜਾਂ ਸਿਹਤ ਵਿਗੜ ਜਾਣ 'ਤੇ ਤੁਰਤ ਸਿਹਤ ਵਿਭਾਗ ਨੂੰ ਰਿਪੋਰਟ ਕਰਨਗੇ। ਘਰਾਂ ਵਿਚ ਇਕਾਂਤਵਾਸ ਕੀਤੇ ਮਰੀਜ਼ਾਂ ਦਾ ਫਾਲੋ-ਅਪ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਰੋਗੀ ਟਰੈਕਿੰਗ ਟੀਮਾਂ ਦੁਆਰਾ ਕੀਤਾ ਜਾਵੇਗਾ। ਇਹ ਟੀਮਾਂ ਘਰਾਂ ਵਿਚ ਇਕਾਂਤਵਾਸ ਹੋਣ ਵਾਲੇ ਮਰੀਜ਼ਾਂ ਦਾ ਫ਼ੋਨ ਜ਼ਰੀਏ ਫਾਲੋ-ਅਪ ਅਤੇ ਘੱਟੋ ਘੱਟ 3 ਦੌਰੇ ਕਰਨਾ ਯਕੀਨੀ ਬਣਾਉਣਗੀਆਂ।