
ਅਪਣੀ ਹੋਂਦ ਬਚਾਉਣ ਲਈ ਅਕਾਲੀ ਦਲ ਵਲੋਂ ਵਖਰੇ ਤੌਰ 'ਤੇ ਕੀਤੀਆਂ ਰੈਲੀਆਂ ਨੇ ਕਰਵਾਈ ਹੋਰ ਫ਼ਜ਼ੀਹਤ
ਭਾਜਪਾ ਨਾਲ ਕੇਂਦਰ ਵਿਚ ਸਾਂਝ ਕਾਰਨ ਮੁਸ਼ਕਲ ਵਿਚ ਹੈ ਅਕਾਲੀ ਦਲ
to
ਐਸ.ਏ.ਐਸ. ਨਗਰ, 26 ਸਤੰਬਰ (ਕੁਲਦੀਪ ਸਿੰਘ): ਭਾਵੇਂ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਪੂਰਾ ਪੰਜਾਬ ਬੰਦ ਰਿਹਾ ਅਤੇ ਸਾਰੀਆਂ ਹੀ ਜਥੇਬੰਦੀਆਂ ਇਕੱਠੇ ਤੌਰ 'ਤੇ ਕਿਸਾਨਾਂ ਦੇ ਹੱਕ ਵਿਚ ਲਾਮਬੰਦ ਹੋਈਆਂ ਅਤੇ ਧਰਨੇ ਮੁਜ਼ਾਹਰੇ ਕੀਤੇ ਪਰ ਅਕਾਲੀ ਦਲ ਨੇ ਵਖਰੇ ਤੌਰ 'ਤੇ ਰੈਲੀਆਂ ਕੀਤੀਆਂ ਅਤੇ ਧਰਨੇ ਦਿਤੇ ਤਾਂ ਜੋ ਅਪਣੀ ਹੋਂਦ ਨੂੰ ਦਰਸਾ ਸਕੇ ਪਰ ਇਹ ਕਾਰਵਾਈ ਵੀ ਅਕਾਲੀ ਦਲ ਦੀ ਫ਼ਜ਼ੀਹਤ ਹੀ ਕਰਵਾਉਣ ਵਾਲੀ ਰਹੀ ਕਿਉਂਕਿ ਬੀਬੀ ਜਗੀਰ ਕੌਰ ਵਰਗੇ ਆਗੂਆਂ ਨੂੰ ਸੰਬੋਧਨ ਕਰਨ ਸਮੇਂ ਕਿਸਾਨਾਂ ਦੇ ਕੌੜੇ ਬੋਲ ਸੁਣਨੇ ਪਏ।
ਅਸਲ ਵਿਚ ਅਕਾਲੀ ਦਲ ਦਾ ਕਿਸਾਨੀ ਆਰਡੀਨੈਂਸਾਂ ਬਾਰੇ ਸ਼ੁਰੂ ਤੋਂ ਹੀ ਡਬਲ ਸਟੈਂਡ ਪਾਰਟੀ ਲਈ ਘਾਤਕ ਰਿਹਾ ਹੈ। ਵੇਖਿਆ ਜਾਵੇ ਤਾਂ ਹੇਠਲੇ ਪੱਧਰ 'ਤੇ ਅਕਾਲੀ ਦਲ ਦਾ ਪ੍ਰਮੁੱਖ ਵੋਟ ਬੈਂਕ ਤਾਂ ਕਿਸਾਨਾਂ ਤਕ ਹੀ ਸੀਮਤ ਰਿਹਾ ਹੈ ਅਤੇ ਪੇਂਡੂ ਖੇਤਰ ਵਿਚ ਅਕਾਲੀ ਦਲ ਦੀ ਚੜ੍ਹਤ ਕਿਸਾਨਾਂ ਕਾਰਨ ਹੀ ਹੁੰਦੀ ਰਹੀ ਪਰ ਇਸ ਵਾਰ ਅਕਾਲੀ ਦਲ ਨੇ ਕੇਂਦਰ ਸਰਕਾਰ 'ਤੇ ਕਾਬਜ਼ ਭਾਜਪਾ ਨਾਲ ਅਪਣੀ ਭਾਈਵਾਲੀ ਪੁਗਾਉਣ ਦੀ ਖ਼ਾਤਰ ਇਸ ਪ੍ਰਮੁੱਖ ਵੋਟ ਬੈਂਕ ਦੀ ਵੀ ਪ੍ਰਵਾਹ ਨਾ ਕੀਤੀ। ਪਹਿਲਾਂ ਹਰਸਿਮਰਤ ਕੌਰ ਬਾਦਲ, ਫਿਰ ਸੁਖਬੀਰ ਸਿੰਘ ਬਾਦਲ ਸਮੇਂ-ਸਮੇਂ 'ਤੇ ਇਨ੍ਹਾਂ ਬਿਲਾਂ ਨੂੰ ਕਿਸਾਨਾਂ ਲਈ ਬਹੁਤ ਵਧੀਆ ਦਸਦੇ ਰਹੇ। ਹੋਰ ਤਾਂ ਹੋਰ ਅਪਣੇ ਟ੍ਰੰਪ ਕਾਰਡ ਅਤੇ ਅਕਾਲੀ ਦਲ ਦੇ
ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਵਾਸਤੇ ਵਰਤਿਆ ਗਿਆ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਬਿਲਕੁਲ ਚੁੱਪ ਬੈਠੇ ਸਨ। ਉਨ੍ਹਾਂ ਦੀ ਵੀਡੀਉ ਵਾਇਰਲ ਹੋਈ ਜਿਸ ਵਿਚ ਉਹ ਖੇਤੀ ਆਰਡੀਨੈਂਸਾਂ ਦੇ ਹੱਕ ਵਿਚ ਬੋਲ ਰਹੇ ਸਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਹਾਂ ਨੇ ਹੀ ਇਨ੍ਹਾਂ ਆਰਡੀਨੈਂਸਾਂ ਵਿਰੁਧ ਜ਼ਬਰਦਸਤ ਹਮਲਾਵਰਾਨਾ ਰੁਖ ਅਪਣਾਈ ਰਖਿਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਹ ਆਰਡੀਨੈਂਸ ਰੱਦ ਕੀਤੇ। ਫ਼ਿਲਹਾਲ ਅਕਾਲੀ ਦਲ ਦੇ ਪ੍ਰਧਾਨ ਨੂੰ ਸਮਾਂ ਰਹਿੰਦੇ ਇਹ ਪਤਾ ਲੱਗ ਗਿਆ ਕਿ ਕਿਸਾਨੀ ਆਰਡੀਨੈਂਸ ਪਾਰਟੀ ਨੂੰ ਕਿੰਨਾ ਵੱਡਾ ਖੋਰਾ ਲਗਾ ਰਹੇ ਹਨ ਅਤੇ ਐਨ ਮੌਕੇ 'ਤੇ ਸੁਖਬੀਰ ਸਿੰਘ ਬਾਦਲ ਨੇ ਅਜਿਹਾ ਯੂ ਟਰਨ ਮਾਰਿਆ ਕਿ ਪਹਿਲਾਂ ਜਿਨ੍ਹਾਂ ਆਰਡੀਨੈਂਸਾਂ ਦੀ ਸ਼ਲਾਘਾ ਕਰਦੇ ਉਹ ਥਕਦੇ ਨਹੀਂ ਸਨ, ਉਹੀ ਆਰਡੀਨੈਂਸ ਉਨ੍ਹਾਂ ਨੂੰ ਕਿਸਾਨ ਮਾਰੂ ਦਿਖਾਈ ਦੇਣ ਲੱਗ ਪਏ। ਤੁਰਤ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਵੀ ਦਿਵਾ ਦਿਤਾ ਗਿਆ ਅਤੇ ਪੰਜਾਬ ਵਿਚ ਇਨ੍ਹਾਂ ਆਰਡੀਨੈਂਸਾਂ ਵਿਰੁਧ ਸੰਘਰਸ਼ ਦਾ ਐਲਾਨ ਵੀ ਕਰ ਦਿਤਾ ਗਿਆ। ਪਰ ਇਸ ਸੱਭ ਵਿਚ ਇੰਨੀ ਕੁ ਦੇਰੀ ਤਾਂ ਹੋ ਹੀ ਗਈ ਕਿ ਅਕਾਲੀ ਦਲ ਦਾ ਆਮ ਵਰਕਰ ਭਾਰੀ ਦੁਚਿੱਤੀ ਵਿਚ ਫਸਿਆ ਰਿਹਾ ਕਿ ਉਹ ਕਰੇ ਤਾਂ ਕਰੇ ਕੀ।
ਦੂਜੇ ਪਾਸੇ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੇ ਪੰਜਾਬ ਦੇ ਆਗੂਆਂ ਨੇ ਹੁਣ ਸੁਖਬੀਰ ਸਿੰਘ ਬਾਦਲ ਦਾ ਜਿਊੁਣਾ ਹਰਾਮ ਕੀਤਾ ਹੋਇਆ ਹੈ। ਰੋਜ਼ਾਨਾ ਹੀ ਕੋਈ ਨਾ ਕੋਈ ਆਗੂ ਅਕਾਲੀ ਦਲ ਵਿਰੁਧ ਬਿਆਨਬਾਜ਼ੀ ਕਰ ਰਿਹਾ ਹੈ। ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਤਾਂ ਅਕਾਲੀ ਦਲ ਨੂੰ ਖੁਲ੍ਹੀ ਚੁਨੌਤੀ ਦਿਤੀ ਹੈ ਕਿ ਉਹ ਭਾਜਪਾ ਨਾਲ ਅਪਣੀ ਭਾਈਵਾਲੀ ਤੋੜ ਕੇ ਦਿਖਾਵੇ। ਉਨ੍ਹਾਂ ਤਾਂ ਇਥੋਂ ਤਕ ਕਿਹਾ ਹੈ ਕਿ ਬਹੁਤ ਸਾਰੇ ਅਕਾਲੀ ਆਗੂ ਭਾਜਪਾ ਵਿਚ ਆਉਣ ਨੂੰ ਤਿਆਰ ਫਿਰਦੇ ਹਨ। ਇਹੀ ਨਹੀਂ ਭਾਜਪਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਾਕਾਇਦਾ ਤੌਰ 'ਤੇ 59 ਸੀਟਾਂ 'ਤੇ ਚੋਣ ਲੜਣ ਨੂੰ ਫਿਰਦੀ ਹੈ। ਇਸ ਸੱਭ ਦੇ ਬਾਵਜੂਦ, ਅਕਾਲੀ ਦਲ ਨੇ ਸਮਾਂ ਰਹਿੰਦੇ ਮੌਕਾ ਸੰਭਾਲਣ ਦਾ ਯਤਨ ਕੀਤਾ ਹੈ। ਪਰ ਸਿਆਸੀ ਮਾਹਰ ਇਹ ਮੰਨ ਕੇ ਚਲ ਰਹੇ ਹਨ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਵਿਚ ਅਕਾਲੀ ਦਲ ਇਸੇ ਤਰ੍ਹਾਂ ਹਮਾਇਤ ਕਰਦਾ ਰਿਹਾ ਤਾਂ ਪੰਜਾਬ ਦੇ ਲੋਕ ਇਸ ਨੂੰ ਸਵੀਕਾਰ ਨਹੀਂ ਕਰਨ ਲੱਗੇ।
ਸਿਆਸੀ ਮਾਹਰ ਇਹ ਵੀ ਮੰਨ ਕੇ ਚਲ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਦਾ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੈਸੇ ਹੀ ਬਹੁਤ ਬੁਰਾ ਹਾਲ ਹੋਣਾ ਹੈ ਕਿਉਂਕਿ ਹਰ ਵਰਗ ਇਸ ਸਮੇਂ ਕੇਂਦਰ ਸਰਕਾਰ ਤੋਂ ਬਹੁਤਾ ਔਖਾ ਹੈ ਅਤੇ ਇਸ ਦਾ ਫ਼ਾਇਦਾ ਸਿੱਧੇ ਤੌਰ 'ਤੇ ਕਾਂਗਰਸ ਨੂੰ ਮਿਲ ਰਿਹਾ ਹੈ। ਸਿਆਸੀ ਮਾਹਰ ਮੰਨਦੇ ਹਨ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਭਾਜਪਾ ਤੋਂ ਖ਼ੁਦ ਹੀ ਕਿਨਾਰਾ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਭਾਜਪਾ ਕਾਰਨ ਅਕਾਲੀ ਦਲ ਦਾ ਹੋਰ ਵੀ ਵੱਧ ਨੁਕਸਾਨ ਹੋ ਸਕਦਾ ਹੈ।