
ਚੰਡੀਗੜ੍ਹ,
20 ਸਤੰਬਰ (ਤਰੁਣ ਭਜਨੀ): 10 ਸਾਲਾ ਬੱਚੀ ਨਾਲ ਬਲਾਤਕਾਰ ਮਾਮਲੇ ਵਿਚ ਮੰਗਲਵਾਰ ਪੁਲਿਸ
ਵਲੋਂ ਗ੍ਰਿਫ਼ਤਾਰ ਕੀਤੇ ਗਏ ਦੂਜੇ ਮਾਮੇ ਸ਼ੰਕਰ ਨੂੰ ਅੱਜ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ
ਗਿਆ ਜਿਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ। ਦੂਜੇ ਪਾਸੇ
ਬੁਧਵਾਰ ਜ਼ਿਲ੍ਹਾ ਅਦਾਲਤ ਵਿਚ ਪੁਲਿਸ ਵਲੋਂ ਮੁਲਜ਼ਮ ਕੁਲਬਹਾਦੁਰ ਦਾ ਮੁੜ ਡੀ.ਐਨ.ਏ.
ਕਰਵਾਉਣ ਦੀ ਅਰਜ਼ੀ ਦਾ ਜਵਾਬ ਦੇਣ ਲਈ ਬਚਾਅ ਪੱਖ ਨੇ ਇਕ ਦਿਨ ਦਾ ਸਮਾਂ ਮੰਗਿਆ ਹੈ ਜਿਸ
'ਤੇ ਅਦਾਲਤ ਨੇ ਇਸ ਅਰਜ਼ੀ 'ਤੇ ਫ਼ੈਸਲਾ ਵੀਰਵਾਰ ਤਕ ਰਖਵਾਂ ਰੱਖ ਲਿਆ ਹੈ।
ਕੁਲਬਹਾਦੁਰ ਦਾ
ਡੀ.ਐਨ.ਏ. ਪੀੜਤ ਬੱਚੀ ਵਲੋਂ ਜਨਮ ਦਿਤੀ ਗਈ ਬੱਚੀ ਨਾਲ ਮੇਲ ਨਾ ਖਾਣ ਤੇ ਪੁਲਿਸ ਨੇ
ਅਦਾਲਤ ਵਿਚ ਮੁਲਜ਼ਮ ਦਾ ਮੁੜ ਡੀ.ਐਨ.ਏ. ਕਰਨ ਦੀ ਅਰਜ਼ੀ ਅਦਾਲਤ ਵਿਚ ਦਾਇਰ ਕੀਤੀ ਸੀ ਜਿਸ
ਤੋਂ ਬਾਅਦ ਅਦਾਲਤ ਨੇ ਬਚਾਅ ਪੱਖ ਨੂੰ ਜਵਾਬ ਦੇਣ ਲਈ ਕਿਹਾ ਗਿਆ ਸੀ। ਬੁੱਧਵਾਰ ਬਚਾਅ ਪੱਖ
ਦੇ ਵਕੀਲ ਮਨਜੀਤ ਸਿੰਘ ਨੇ ਜਵਾਬ ਦਾਖ਼ਲ ਕਰਨ ਲਈ ਇਕ ਦਿਨ ਦਾ ਸਮਾਂ ਦੇਣ ਲਈ ਕਿਹਾ ਜਿਸ
'ਤੇ ਅਦਾਲਤ ਨੇ ਇਸ ਸਬੰਧ ਵਿਚ ਸੁਣਵਾਈ ਲਈ ਵੀਰਵਾਰ ਦੀ ਤਰੀਕ ਤੈਅ ਕਰ ਦਿਤੀ ਹਾਲਾਂਕਿ ਇਸ
ਪੂਰੇ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ
ਮੰਗਲਵਾਰ ਨੂੰ ਪੀੜਤ ਬੱਚੀ ਦੀ ਕੌਂਸਲਿੰਗ ਤੋਂ ਬਾਅਦ ਬੱਚੀ ਨੇ ਅਪਣੇ ਛੋਟੇ ਮਾਮੇ ਸ਼ੰਕਰ
ਦਾ ਨਾਂ ਵੀ ਪੁਲਿਸ ਨੂੰ ਦਸਿਆ ਸੀ ਜਿਸਦੇ ਬਾਅਦ ਅਦਾਲਤ ਵਿਚ ਪੀੜਤ ਬੱਚੀ ਦੇ ਬਿਆਨ ਕਰਵਾਏ
ਗਏ। ਜਿਸ ਵਿਚ ਉਸਨੇ ਸ਼ੰਕਰ ਦਾ ਨਾਮ ਲਿਆ ਸੀ। ਪੁਲਿਸ ਨੇ ਮਾਮਲੇ ਵਿਚ ਸ਼ੰਕਰ ਨੂੰ
ਮੰਗਲਵਾਰ ਗ੍ਰਿਫ਼ਤਾਰ ਕੀਤਾ ਸੀ।