
ਚੰਡੀਗੜ੍ਹ,
14 ਸਤੰਬਰ (ਤਰੁਣ ਭਜਨੀ): 10 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਨਵ ਜੰਮੀ
ਬੱਚੀ ਦਾ ਡੀ ਐਨ ਏ ਪੀੜਤਾ ਦੇ ਮਾਮੇ ਨਾਲ ਮੇਲ ਨਾ ਖਾਣ 'ਤੇ ਪੁਲਿਸ ਦੀ ਜਾਂਚ ਮੁੜ ਸ਼ੁਰੂ
ਹੋ ਗਈ ਹੈ। ਸੂਤਰਾਂ ਅਨੁਸਾਰ ਪੁਲਿਸ ਹੁਣ ਕੁੱਝ ਹੋਰ ਸ਼ੱਕੀ ਲੋਕਾਂ ਦਾ ਡੀ ਐਨ ਏ ਮਿਲਾਉਣ
ਲਈ ਅਦਾਲਤ ਵਿਚ ਇਸ ਸਬੰਧੀ ਅਰਜ਼ੀ ਦਾਇਰ ਕਰ ਸਕਦੀ ਹੈ। ਪੁਲਿਸ ਪੀੜਤਾ ਦੇ ਰਿਸ਼ਤੇਦਾਰ ਅਤੇ
ਨੇੜਲੇ ਲੋਕਾਂ ਦਾ ਡੀ ਐਨ ਏ ਟੈਸਟ ਕਰਵਾਉਣ ਲਈ ਅਦਾਲਤ ਤੋਂ ਪ੍ਰਵਾਨਗੀ ਲੈਣ ਦੀ
ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ ਤਾਕਿ ਨਵ ਜੰਮੀ ਬੱਚੀ ਦੇ ਪਿਉ ਬਾਰੇ ਪਤਾ ਲੱਗ ਸਕੇ।
ਰੋਜ਼ਾਨਾ
ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਦਸਿਆ ਕਿ
ਉਹ ਹਾਲੇ ਇਸ ਮਾਮਲੇ ਵਿਚ ਕੋਈ ਪ੍ਰਗਟਾਵਾ ਨਹੀਂ ਕਰ ਸਕਦੀ ਹਨ। ਉਨ੍ਹਾਂ ਕਿਹਾ ਕਿ ਮਾਮਲੇ
ਦੀ ਜਾਂਚ ਜਾਰੀ ਹੈ ਅਤੇ ਜਿਵੇਂ ਹੀ ਕੁੱਝ ਸਾਹਮਣੇ ਆਵੇਗਾ, ਇਸ ਸਬੰਧੀ ਜਾਣਕਾਰੀ ਦੇ ਦਿਤੀ
ਜਾਵੇਗੀ। ਉਨ੍ਹਾਂ ਕਿਹਾ ਫਿਲਹਾਲ ਉਨ੍ਹਾਂ ਦੀ ਪੀੜਤਾ ਨੂੰ ਮਿਲਣ ਦਾ ਕੋਈ ਯੋਜਨਾ ਨਹੀਂ
ਹੈ। ਜੇ ਜ਼ਰੂਰਤ ਹੋਵੇਗੀ ਤਾਂ ਮਿਲਿਆ ਜਾਵੇਗਾ। ਜਿਲਾ ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ
ਫਾਸਟ ਟਰੈਕ ਕੋਰਟ ਦੇ ਆਧਾਰ ਕੀਤੀ ਜਾ ਰਹੀ ਹੈ। ਸ਼ੁਕਰਵਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ
ਹੈ। ਜਿਸ ਵਿਚ ਕੁੱਝ ਨਵਾਂ ਪ੍ਰਗਟਾਵਾ ਹੋਣ ਦੀ ਸੰਭਾਵਨਾ ਹੈ।
ਜਿਕਰਯੋਗ ਹੈ ਕਿ 10 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੜੀਤ ਬੱਚੀ ਦਾ ਮਾਮਾ ਉੁਸ ਵਲੋਂ ਜਨਮ ਦਿਤੀ ਗਈ ਬੱਚੀ ਦਾ ਪਿਉ ਨਹੀਂ ਹੈ। ਇਸ ਦਾ ਪ੍ਰਗਟਾਵਾ ਸੈਂਟਰਲ ਫੋਰੈਂਸਿਕ ਸਾਂਇਸ ਲੈਬਾਰਟਰੀ (ਸੀ ਐਫ਼ ਐਸ ਐਲ) ਵਲੋਂ ਦਿਤੀ ਗਈ ਡੀ ਐਨ ਏ ਰੀਪੋਰਟ ਤੋਂ ਹੋਇਆ ਹੈ ਜਿਸ ਵਿਚ ਨਵੀਂ ਜਨਮੀ ਬੱਚੀ ਦਾ ਡੀ ਐਨ ਏ ਮੁਲਜ਼ਮ ਨਾਲ ਮੇਲ ਨਹੀਂ ਖਾ ਰਿਹਾ ਹੈ। ਸੀ ਐਫ਼ ਐਸ ਐਲ ਨੇ ਇਹ ਰੀਪੋਰਟ ਅਦਾਲਤ ਵਿਚ ਪੇਸ਼ ਕਰ ਦਿਤੀ ਹੈ। ਮੁਲਜ਼ਮ ਦੇ ਵਕੀਲ ਮਨਜੀਤ ਸਿੰਘ ਨੇ ਬੀਤੇ ਮੰਗਲਵਾਰ ਦਸਿਆ ਸੀ ਕਿ ਮੁਲਜ਼ਮ ਦਾ ਡੀ ਐਨ ਏ ਨਵ ਜੰਮੀ ਬੱਚੀ ਨਾਮ ਮੇਲ ਨਹੀ ਖਾ ਰਿਹਾ ਹੈ।
ਜ਼ਿਕਰਯੋਗ ਹੈ ਕਿ 14 ਜੁਲਾਈ ਨੂੰ ਇਸ ਸਬੰਧ ਵਿਚ ਮਾਮਲਾ ਦਰਜ ਕੀਤਾ ਗਿਆ
ਸੀ। 15 ਜੁਲਾਈ ਨੂੰ ਮੁਲਜ਼ਮ ਨੂੰ ਪੁਲਿਸ ਰੀਮਾਂਡ 'ਤੇ ਲਿਆ ਗਿਆ ਸੀ ਅਤੇ ਉਸ ਤੋਂ
ਪੁੱਛਗਿਛ ਕੀਤੀ ਗਈ ਸੀ। 28 ਜੁਲਾਈ ਨੂੰ ਸੁਪਰੀਮ ਕੋਰਟ ਨੇ ਗਰਭਪਾਤ ਕਰਨ 'ਤੇ ਰੋਕ ਲਗਾ
ਦਿਤੀ ਸੀ। 17 ਅਗੱਸਤ ਨੂੰ ਪੀੜਤਾ ਨੇ ਇਕ ਬੱਚੀ ਨੂੰ ਜਨਮ ਦਿਤਾ ਸੀ ਅਤੇ 17 ਅਗੱਸਤ ਨੂੰ
ਹੀ ਬੱਚੀ ਦਾ ਡੀ ਐਨ ਏ ਟੈਸਟ ਲਈ ਨਮੂਨੇ ਲਏ ਗਏ ਸਨ। 25 ਅਗੱਸਤ ਨੂੰ ਮਾਮਲੇ ਵਿਚ
ਚਾਰਜਸ਼ੀਟ ਦਾਇਰ ਕੀਤੀ ਗਈ ਸੀ ਅਤੇ 30 ਅਗੱਸਤ ਨੂੰ ਮਾਮਲੇ ਵਿਚ ਦੋਸ਼ ਆਇਦ ਕੀਤੇ ਗਏ ਸਨ।