
ਜ਼ੀਰਕਪੁਰ, 13 ਦਸੰਬਰ (ਐਸ ਅਗਨੀਹੋਤਰੀ) : ਇਥੋਂ ਦੇ ਭਬਾਤ ਖੇਤਰ ਵਿੱਚ ਪੈਂਦੇ ਬੱਚਿਆਂ ਦੇ ਡਾਇਪਰਾਂ ਦੇ ਗੁਦਾਮ ਵਿੱਚ ਲੰਘੇ ਕਲ• ਲੱਗੀ ਭਿਆਨਕ ਅੱਗ ਤੇ ਫਾਇਰ ਬ੍ਰਿਗੇਡ ਨੇ 30 ਘੰਟਿਆਂ ਵਿੱਚ ਕਾਬੂ ਪਾਇਆ। ਹਾਲਾਕਿ ਅੱਜ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਧੂੰਆਂ ਨਿਕਲ ਰਿਹਾ ਸੀ ਤੇ ਵਿੱਚ ਵਿੱਚ ਅੱਗ ਸੁਲਗ ਰਹੀ ਸੀ ਜਿਸ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਕਾਬੂ ਪਾਉਣ ਵਿੱਚ ਲੱਗੇ ਹੋਏ ਸੀ । ਅੱਗ ਤੇ ਕਾਬੂ ਪਾਉਣ ਡੇਰਾਬਸੀ ਫਾਇਰ ਬ੍ਰਿਗੇਡ ਤੋਂ ਚਾਰ ਗੱਡੀਆਂ, ਮੁਹਾਲੀ, ਚੰਡੀਗੜ•, ਪੰਚਕੂਲਾ ਤੋਂ ਇਕ ਇਕ, ਲਾਲੜੂ ਦੀ ਨਿੱਜੀ ਕੰਪਨੀ ਸਟੀਲ ਸਟਰਿਪਸ ਕੰਪਨੀ ਦੀ ਇਕ ਗੱਡੀ ਵੱਲੋਂ ਤਕਰੀਬਨ 90 ਫਾਇਰ ਟੈਂਡਰ ਸ਼ਾਮ ਤੱਕ ਲੱਗ ਚੁੱਕੇ ਸੀ । ਫਾਇਰ ਬ੍ਰਿਗੇਡ ਵੱਲੋਂ ਕੀਤੀ ਜਾਂਚ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਅੱਗ ਲੱਗਣ ਮੁੱਖ ਕਾਰਨ ਸਾਹਮਣੇ ਆਇਆ। ਅੱਗ ਵਿੱਚ ਕੰਪਨੀ ਦੇ ਪਹਿਲੀ ਮੰਜਿਲ ਤੇ ਪਏ ਸਾਰੇ ਡਾਇਪਰ ਸੜ ਕੇ ਸੁਆਹ ਹੋ ਗਏ ਜਿਨਾਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਦੱਸੀ ਜਾ ਰਹੀ ਹੈ। ਅਸਲ ਨੁਕਸਾਨ ਪੂਰੀ ਅੱਗ ਬੁਝਣ ਤੋਂ ਬਾਅਦ ਹੀ ਸਾਹਮਣੇ ਆਏਗਾ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੰਘੇ ਕਲ• ਦੁਪਹਿਹ 12 ਵਜੇ ਭਬਾਤ ਦੇ ਗੁਦਾਮ ਖੇਤਰ ਵਿੱਚ ਸਥਿਤ ਯੂਨੀਚਾਰਮ ਕੰਪਨੀ ਦੇ ਉੱਤਰ ਭਾਰਤ ਦੇ ਬੱਚਿਆਂ ਦੇ ਡਾਇਪਰਾਂ ਦਾ ਦਫਤਰ ਅਤੇ ਗੁਦਾਮ ਦੀ ਪਹਿਲੀ ਮੰਜਿਲ ਵਿੱਚ ਅਚਾਨਕ ਅੱਗ ਲੱਗ ਗਈ। ਦੋ ਮੰਜਿਲਾ ਇਮਾਰਤ ਵਿੱਚ ਅੱਗ ਪਹਿਲੀ ਮੰਜਿਲ ਤੋਂ ਸ਼ੁਰੂ ਹੋਈ। ਹਾਲਾਂਕਿ ਗਰਾਊਂਡ ਫਲੋਰ ਅਤੇ ਬੇਸਮੈਂਟ ਵਿੱਚ ਵੀ ਕੰਪਨਾ ਮਾਲ ਪਿਆ ਸੀ ਪਰ ਉਹ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਿਆ। ਪਰ ਪਹਿਲੀ ਮੰਜਿਲ ਤੇ ਪਿਆ ਸਾਰਾ ਮਾਲ ਸੜ ਕੇ ਸੁਆਹ ਹੋ ਗਿਆ ਜਿਸਦੀ ਕੀਮਤ ਕਰੋੜਾਂ ਰੁਪਏ ਵਿੱਚ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਚੌਕਸੀ ਵਰਤਦਿਆਾਂ ਅੱਜ ਗਰਾਊਂਡ ਫਲੌਰ ਤੇ ਪਿਆ ਸਾਰਾ ਮਾਲ ਸੁਰੱਖਿਅਤ ਬਾਹਰ ਕੱਢ ਲਿਆ। ਅੱਗ ਨਾਲ ਗੁਦਾਮ ਦੇ ਪਿੱਛਲੇ ਪਾਸੇ ਸਥਿਤ ਰਿਹਾਇਸ਼ੀ ਕਲੋਨੀ ਮੰਨਤ ਐਨਕਲੇਵ ਦੇ ਦਰਜਨਾਂ ਘਰਾਂ ਤੱਕ ਅੱਗ ਦਾ ਸੇਕ ਗਿਆ। ਇਥੇ ਦਰਜਨਾਂ ਘਰਾਂ ਵਿੱਚ ਤਰੇੜਾਂ ਪੈ ਗਈਆਂਂ। ਲੋਕਾਂ ਨੇ ਭਜ ਕੇ ਆਪਣੀ ਜਾਨ ਬਚਾਈ।