
ਚੰਡੀਗੜ੍ਹ, 25 ਦਸੰਬਰ (ਤਰੁਣ ਭਜਨੀ) : ਮੌਲੀਜਾਗਰਾਂ ਵਿਚ ਸੋਮਵਾਰ 5 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਖੁਦ 6 ਸਾਲ ਦੀ ਬੱਚੀ ਦਾ ਪਿਉ ਹੈ ਅਤੇ ਉਸਦੇ ਇਕ 11 ਸਾਲਾ ਦਾ ਬੇਟਾ ਵੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 5 ਸਾਲਾ ਬੱਚੀ ਮੌਲੀਜਾਗਰਾਂ ਸਥਿਤ ਵਿਕਾਸ ਨਗਰ ਵਿਚ ਅਪਣੇ ਮਾਪਿਆਂ ਨਾਲ ਰਹਿੰਦੀ ਹੈ। ਉਸਦੇ ਗੁਆਂਢ ਵਿਚ ਰਹਿਣ ਵਾਲਾ 40 ਸਾਲ ਦਾ ਰਾਜੇਸ਼ ਉਸ ਨੂੰ ਵਰਗਲਾ ਕੇ ਅਪਣੇ ਨਾਲ ਇਕ ਕਮਰੇ ਵਿਚ ਲੈ ਗਿਆ। ਜਿਥੇ ਉਸ ਨੇ ਬੱਚੀ ਨਾਲ ਜ਼ਬਰ ਜ਼ਨਾਹ ਕੀਤਾ ਅਤੇ ਬਾਅਦ ਵਿਚ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮ ਬੱਚੀ ਨੂੰ ਬਿਸਕੁਟ ਦੇਣ ਦੇ ਬਹਾਨੇ ਅਪਣੇ ਨਾਲ ਕਮਰੇ ਵਿਚ ਲੈ ਗਿਆ ਸੀ। ਬੱਚੀ ਰੋਂਦੀ ਹੋਈ ਜਦੋਂ ਅਪਣੇ ਮਾਪਿਆਂ ਕੋਲੇ ਪਹੁੰਚੀ ਤਾਂ ਉਨ੍ਹਾਂ ਨੇ ਉਸਦੀ ਹਾਲਤ ਵੇਖ ਕੇ ਇਸਦੀ ਸੂਚਨਾ ਪੁਲਿਸ ਨੂੰ ਦਿਤੀ। ਪੁਲਿਸ ਨੇ ਬੱਚੀ ਦਾ
ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮ ਵਿਰੁਧ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿਤੀ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਦੇ ਅਪਣੇ ਦੋ ਬੱਚੇ ਹਨ। ਜਿਸ ਵਿਚ ਇਕ ਲੜਕੀ ਅਤੇ ਦੂਜਾ ਲੜਕਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਕਿਸੇ ਘਰੇਲੂ ਵਿਵਾਦ ਕਰਕੇ ਮੁਲਜ਼ਮ ਅਪਣੇ ਪਰਵਾਰ ਨਾਲ ਨਹੀ ਰਹਿੰਦਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪੇਂਟਰ ਦਾ ਕੰਮ ਕਰਦਾ ਹੈ। ਸੋਮਵਾਰ ਸਵੇਰੇ 8ਥ30 ਵਜੇ ਉਹ ਗੁਆਂਢ ਵਿਚ ਰਹਿਣ ਵਾਲੀ 5 ਸਾਲ ਦੀ ਬੱਚੀ ਨੂੰ ਅਪਣੇ ਨਾਲ ਇਕ ਦੂਜੇ ਪੇਂਟਰ ਦੋਸਤ ਦੇ ਕਮਰੇ ਵਿਚ ਲੈ ਗਿਆ। ਜਿਥੇ ਉਸ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਫਰਾਰ ਹੋ ਗਿਆ। ਮੁਲਜ਼ਮ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਉਸਦੇ ਨਾਲ ਨਹੀ ਰਹਿੰਦਾ ਹੈ। ਮੌਲੀਜਾਗਰਾਂ ਥਾਣਾ ਪੁਲਿਸ ਨੇ ਮੁਲਜ਼ਮ ਰਾਜੇਸ਼ ਵਿਰੁਧ ਧਾਰਾ 376 ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿਤੀ ਹੈ।