ਕੁਰਾਲੀ, 13 ਸਤੰਬਰ (ਸੁਖਵਿੰਦਰ ਸਿੰਘ
ਸੁੱਖੀ) : ਸਥਾਨਕ ਸ਼ਹਿਰ 'ਚ ਸਥਿਤ 'ਪ੍ਰਭ ਆਸਰਾ' ਸੰਸਥਾ ਵਿਚ ਪਹੁੰਚੀ ਇਕ 80 ਸਾਲਾ
ਬਜ਼ੁਰਗ ਔਰਤ ਨਾਲ ਬਲਾਤਕਾਰ ਹੋਣ ਦੀ ਦਿਲ ਕੰਬਾਊ ਘਟਨਾ ਵਾਪਰੀ ਹੈ।
ਇਸ ਸਬੰਧੀ 'ਪ੍ਰਭ
ਆਸਰਾ' ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਜਿੰਦਰ ਕੌਰ
ਪਡਿਆਲਾ ਨੇ ਦਸਿਆ ਕਿ ਸ਼ਿੰਦੋ 80 ਸਾਲਾ ਔਰਤ ਨੂੰ ਇੱਕ ਵਿਅਕਤੀ ਅੱਜ ਸੰਸਥਾ ਦੇ ਗੇਟ ਤੇ
ਛੱਡ ਕੇ ਫਰਾਰ ਹੋ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਬਜ਼ੁਰਗ ਔਰਤ ਨੇ
ਦੱਸਿਆ ਕਿ ਉਹ ਮੁਹੱਲਾ ਸ਼ਿਮਲਾਪੁਰੀ ਲੁਧਿਆਣਾ ਦੀ ਵਸਨੀਕ ਹੈ ਤੇ ਘਰ ਤੋਂ ਤੰਗ ਹੋਣ ਕਾਰਨ
ਉਹ ਚਾਰ ਪੰਜ ਦਿਨ ਪਹਿਲਾਂ ਘਰ ਤੋਂ ਆ ਗਈ। ਇਸ ਦੌਰਾਨ ਉਸ ਨੂੰ ਰਾਮ ਸਿੰਘ ਨਾਮਕ ਨਿਹੰਗ
ਬੱਸ ਸਟੈਂਡ ਲੁਧਿਆਣਾ ਵਿਖੇ ਮਿਲਿਆ ਜਿਸ ਨੇ ਉਸ ਨੂੰ ਆਪਣੇ ਨਾਲ ਕਿਸੇ ਗੁਰਦੁਆਰੇ ਵਿਚ
ਲਿਜਾ ਕੇ ਇਕ ਕਮਰੇ ਵਿਚ ਉਸ ਦਾ ਬਲਾਤਕਾਰ ਕੀਤਾ।
ਪੀੜਤ ਔਰਤ ਨੇ ਭਰੇ ਮਨ ਨਾਲ ਦੱਸਿਆ
ਕਿ ਉਹ ਨਿਹੰਗ ਉਸ ਨੂੰ ਅੱਜ ਦੁਪਹਿਰ 12:30 ਦੇ ਕਰੀਬ 'ਪ੍ਰਭ ਆਸਰਾ' ਸੰਸਥਾ ਦੇ ਗੇਟ ਤੇ
ਛੱਡ ਕੇ ਭੱਜ ਗਿਆ। ਪੀੜਤਾ ਨੇ ਦੋਸ਼ੀ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦਸਿਆ ਕਿ ਉਕਤ ਘਟਨਾ ਸਬੰਧੀ ਥਾਣਾ ਕੁਰਾਲੀ ਦੀ ਪੁਲਿਸ ਨੂੰ ਸ਼ਿਕਾਇਤ ਭੇਜੀ ਗਈ ਤਾਂ ਜੋ ਪੀੜਤ ਔਰਤ ਦਾ ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਕਰਵਾਈ ਜਾ ਸਕੇ ਤੇ ਪੀੜਤ ਨੂੰ ਇਨਸਾਫ਼ ਦਿਵਾਇਆ ਜਾ ਸਕੇ।
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਐਸਐਚਓ ਭਾਰਤ ਭੂਸ਼ਣ ਨੇ ਕਿਹਾ ਕਿ ਇਸ ਕੇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਅਗਰ ਅਜਿਹਾ ਕੁਝ ਹੋਇਆ ਤਾਂ ਕੇਸ ਬਰੀਕੀ ਨਾਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।