
ਚੰਡੀਗੜ੍ਹ, 20 ਦਸੰਬਰ (ਤਰੁਣ ਭਜਨੀ) : ਸ਼ਹਿਰ 'ਚ ਔਰਤਾਂ ਨਾਲ ਹੋਰ ਹੀ ਛੇੜਛਾੜ ਦੇ ਮਾਮਲਿਆਂ ਵਿਚ ਪੁਲਿਸ ਝੱਟ ਮਾਮਲੇ ਦਰਜ ਕਰ ਰਹੀ ਹੈ। ਪਿਛਲੇ ਕੁੱਝ ਦਿਨਾਂ ਤੋਂ ਰੋਜਾਨਾ ਹੀ ਲੜਕੀਆਂ ਨਾਲ ਛੇੜਛਾੜ ਅਤੇ ਉਨ੍ਹਾਂ ਨਾਲ ਲੁੱਟ-ਖੋਹ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਛੇੜਛਾੜ ਦਾ ਨਵਾਂ ਮਾਮਲਾ ਮਲੋਆ ਮਾਰਕੀਟ ਦਾ ਹੈ। ਜਿਥੇ ਮੰਗਲਵਾਰ ਦੋ ਨੌਜਵਾਨਾਂ ਵਲੋਂ ਲੜਕੀ ਨਾਲ ਛੇੜਛਾੜ ਕੀਤੀ ਗਈ ਅਤੇ
ਬਾਅਦ ਵਿਚ ਉਸਦਾ ਮੋਬਾਈਲ ਫੋਨ ਖੋਹ ਕੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਦੋਵੇਂ ਮੁਲਜ਼ਮਾਂ ਦੀ ਪਛਾਣ ਮੋਹਾਲੀ ਵਾਸੀ ਸੰਜੂ ਅਤੇ ਹੈਪੀ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਲੜਕੀ ਦੇ ਦਾਦੇ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸਤੋਂ ਪਹਿਲਾਂ ਰੋਜਾਨਾ ਹੀ ਪੁਲਿਸ ਔਰਤਾਂ ਨਾਲ ਛੇੜਛਾੜ ਅਤੇ ਸਨੈਚਿੰਗ ਆਦਿ ਦੇ ਮਾਮਲੇ ਦਰਜ ਕਰ ਰਹੀ ਹੈ। ਇਸ ਦੇ ਬਾਵਜੂਦ ਨਾ ਤਾਂ ਲੋਕਾਂ ਨੂੰ ਸ਼ਰਮ ਆ ਰਹੀ ਹੈ ਅਤੇ ਨਾ ਹੀ ਪੁਲਿਸ ਦਾ ਕੋਈ ਖੌਫ਼ ਨਜ਼ਰ ਆ ਰਿਹਾ ਹੈ।