
ਚੰਡੀਗੜ੍ਹ, 16 ਸਤੰਬਰ
(ਸਰਬਜੀਤ) : ਸਮਾਰਟ ਸਿਟੀ ਪ੍ਰਾਜੈਕਟ ਚੰਡੀਗੜ੍ਹ ਸ਼ਹਿਰ ਵਿਚ 55 ਕਰੋੜ ਰੁਪਏ ਦੀ ਲਾਗਤ
ਨਾਲ ਨਵੀਆਂ ਐਲ.ਈ.ਡੀ. ਲਾਈਟਾਂ ਲਾਉਣ ਦੀ ਮੁਹਿੰਮ ਪੂਰੇ ਜ਼ੋਰ ਨਾਲ ਚਲ ਰਹੀ ਹੈ। ਤਕਰੀਬਨ
55 ਹਜ਼ਾਰ ਐਲ.ਈ.ਡੀ. ਲਾਈਟਾਂ ਲਗਾਉਣ ਦਾ ਕੰਮ ਦੀਵਾਲੀ ਤਕ ਮੁਕੰਮਲ ਕਰ ਲਿਆ ਜਾਵੇਗਾ। ਇਹ
ਲਾਈਟਾਂ ਸੂਰਜ ਛਿਪਣ ਤੋਂ ਬਾਅਦ ਅਪਣੇ ਆਪ ਹੀ ਜਗਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਦਿਨ
ਚੜ੍ਹਨ ਸਾਰ ਬੰਦ ਹੋ ਜਾਣਗੀਆਂ। ਇਸ ਨਾਲ ਚੰਡੀਗੜ੍ਹ ਨਗਰ ਨਿਗਮ ਨੂੰ ਤਕਰੀਬਨ 7 ਕਰੋੜ
ਰੁਪਏ ਦੀ ਬੱਚਤ ਹੋਵੇਗੀ। ਇਸ ਵੇਲੇ ਨਗਰ ਨਿਗਮ ਦਾ ਬਿਜਲੀ ਦਾ ਬਿਲ 12 ਕਰੋੜ ਰੁਪਏ
ਸਾਲਾਨਾ ਹੈ।
ਪਤਾ ਲੱਗਾ ਹੈ ਕਿ ਲਾਈਟਾਂ ਲਾਉਣ ਦਾ ਕੰਮ ਜਿਹੜੀ ਕੰਪਨੀ ਨੂੰ ਦਿਤਾ
ਗਿਆ ਹੈ, ਉਹ ਇਨ੍ਹਾਂ ਦੀ ਮੁਰੰਮਤ ਦਾ ਕੰਮ ਮੁਫ਼ਤ ਕਰੇਗੀ। ਬਿਜਲੀ ਅਧਿਕਾਰੀਆਂ ਦਾ ਕਹਿਣਾ
ਹੈ ਕਿ ਐਲ.ਈ.ਡੀ. ਲਾਈਟਾਂ ਲਗਾਉਣ ਨਾਲ 60 ਫ਼ੀ ਸਦੀ ਬਿਜਲੀ ਦੀ ਬੱਚਤ ਹੋਵੇਗੀ। ਇਨ੍ਹਾਂ
ਲਾਈਟਾਂ ਦਾ ਕੰਟਰੋਲ ਇਕ ਵਿਸ਼ੇਸ਼ ਦਫ਼ਤਰ ਵਿਚ ਹੋਵੇਗਾ ਅਤੇ ਇਹ ਸਾਰੇ ਕੰਪਿਊਟਰ ਨੈੱਟਵਰਕ
ਨਾਲ ਜੁੜਿਆ ਹੋਵੇਗਾ ਤਾਕਿ ਕਿਸੇ ਵੀ ਜਗ੍ਹਾ ਖ਼ਰਾਬੀ ਪੈਣ 'ਤੇ ਤੁਰਤ ਕੰਟਰੋਲ ਰੂਮ ਵਿਚ
ਪਤਾ ਲੱਗ ਜਾਵੇਗਾ ਅਤੇ ਇਸ ਦੀ ਮੁਰੰਮਤ ਛੇਤੀ ਹੋ ਸਕੇਗੀ।