
ਚੰਡੀਗੜ੍ਹ, 17 ਅਕਤੂਬਰ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਨ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਜੀਤ ਬਾਲਾਜੀ ਜੋਸ਼ੀ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਚੰਡੀਗੜ੍ਹ ਸ਼ਹਿਰ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਕੁਲ 17 ਥਾਵਾਂ ਦੀ ਥਾਂ 'ਤੇ ਹੁਣ ਸਿਰਫ਼ 9 ਥਾਵਾਂ 'ਤੇ ਹੀ ਪਟਾਕੇ ਵਿਕਰੇਤਾਵਾਂ ਨੂੰ ਪਟਾਕੇ ਵੇਚਣ ਦੀ ਪ੍ਰਵਾਨਗੀ ਦਿਤੀ ਹੈ। ਚੰਡੀਗੜ੍ਹ ਵਿਚ 600 ਤੋਂ ਵੱਧ ਪਟਾਕਾ ਵਿਕਰੇਤਾਵਾਂ ਨੇ ਲਾਈਸੈਂਸ ਲੈਣ ਲਈ ਅਰਜ਼ੀਆਂ ਦਿਤੀਆਂ ਸਨ ਪਰ ਡੀ.ਸੀ. ਨੇ ਡਰਾਅ 'ਚ 98 ਲੋਕਾਂ ਨੂੰ ਹੀ ਪਟਾਕੇ ਵੇਚਣ ਦੀ ਇਜਾਜ਼ਤ ਦਿਤੀ ਸੀ। 300 ਪਟਾਕਾ ਵਪਾਰੀਆਂ ਵਲੋਂ ਲੱਖਾਂ ਰੁਪਏ ਦੇ ਪਟਾਕੇ ਖ਼ਰੀਦੇ : ਚੰਡੀਗੜ੍ਹ 'ਚ ਦੁਕਾਨਦਾਰਾਂ ਵਲੋਂ ਅਪਣੀਆਂ ਦੁਕਾਨਾਂ ਅੱਗੇ ਪਟਾਕੇ ਵੇਚਣ ਲਈ ਲੱਖਾਂ ਰੁਪਏ ਦੇ ਪਟਾਕੇ ਖ਼ਰੀਦੇ ਗਏ ਸਨ ਪਰ ਹਾਈ ਕੋਰਟ ਅਤੇ ਦਿੱਲੀ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੀ ਹੱਥ ਬੰਨ੍ਹ ਦਿਤੇ ਹਨ।
ਚੰਡੀਗੜ੍ਹ ਪਟਾਕਾ ਵਿਰੇਤਾ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਗੁਪਤਾ ਨੇ ਕਿਹਾ ਕਿ ਉਹ ਅਪਣੇ ਲਾਈਸੈਂਸ ਡਰਾਅ 'ਚੋਂ ਬਾਹਰ ਰਹਿ ਗਏ ਦੁਕਾਨਦਾਰਾਂ ਨਾਲ ਮਿਲ ਕੇ ਪਟਾਕੇ ਵੇਚਣਗੇ। ਐਸੋਸੀਏਸ਼ਨ ਦੇ ਪ੍ਰਧਾਨ ਅਨੁਸਾਰ ਉਨ੍ਹਾਂ ਵਲੋਂ ਪ੍ਰਸ਼ਾਸਨ ਵਲੋਂ ਮੁਕੱਰਰ ਕੀਤੇ 9 ਥਾਵਾਂ 'ਤੇ 18 ਅਕਤੂਬਰ ਤੋਂ ਸਟਾਲ ਲਾਉਣੇ ਸ਼ੁਰੂ ਕੀਤੇ ਜਾਣਗੇ ਜਿਥੇ ਪੂਰੇ ਦੋ ਦਿਨ ਪਟਾਕਿਆਂ ਦੀ ਵਿਕਰੀ ਹੋਵੇਗੀ। ਉਨ੍ਹਾਂ ਕਿਹਾ ਕਿ ਅਜੇ ਤਾਂ ਸਿਰਫ਼ ਥਾਵਾਂ ਹੀ ਰੋਕੀਆਂ ਜਾ ਰਹੀਆਂ ਹਨ।