
ਚੰਡੀਗੜ੍ਹ, 8 ਦਸੰਬਰ (ਸਰਬਜੀਤ ਢਿੱਲੋਂ) : ਸੈਕਟਰ-33 ਦੇ ਟੈਰੇਸਡ ਗਾਰਡਨ ਵਿਚ ਖ਼ੂਬਸੂਰਤ ਤਿੰਨ ਰੋਜ਼ਾ 31ਵਾਂ ਗੁਲਦਾਊਦੀ ਮੇਲਾ ਅੱਜ ਧੂਮ-ਧੜੱਕੇ ਨਾਲ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਸੰਸਦ ਮੈਂਬਰ ਕਿਰਨ ਖੇਰ ਨੇ ਕੀਤਾ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਏਰੀਆ ਕੌਂਸਲਰ ਰਾਜੇਸ਼ ਗੁਪਤਾ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਗੁਲਦਾਊਦੀ ਸ਼ੋਅ 10 ਦਸੰਬਰ ਤਕ ਚਲੇਗਾ। ਬਾਗ਼ਬਾਨੀ ਵਿਭਾਗ ਵਲੋਂ ਮੇਲੇ ਵਿਚ 264 ਖ਼ੂਬਸੂਰਤ ਤੇ ਰੰਗ-ਬਰੰਗੇ ਫੁੱਲਾਂ ਨੂੰ ਗਮਲਿਆਂ ਸਜਾਇਆ ਗਿਆ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ ਸਮੇਤ ਕੌਂਸਲਰ ਤੇ ਅਧਿਕਾਰੀ ਸ਼ਾਮਲ ਸਨ। ਸੰਸਦ ਮੈਂਬਰ ਕਿਰਨ ਖੇਰ ਨੇ ਮਿਊਂਸਪਲ ਕਾਰਪੋਰੇਸ਼ਨ ਨੂੰ ਚੰਡੀਗੜ੍ਹ 'ਚ ਫਲੋਰੀ ਕਲਚਰ ਪੈਦਾ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਗੁਲਦਾਉਦੀ ਫੁੱਲਾਂ ਅਤੇ ਗੁਲਾਬਾਂ ਦੇ ਮੇਲੇ ਦਾ ਪ੍ਰਬੰਧ ਬੜੇ ਚਾਵਾਂ ਤੇ ਮਿਹਨਤ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬਹੁਤ ਖ਼ੂਬਸੂਰਤ ਸ਼ਹਿਰ ਹੈ, ਜਿਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਸ਼ਹਿਰ ਦੇ ਲੋਕ ਅਤੇ ਰਿਹਾਇਸ਼ੀ ਵੈਲਫ਼ੇਅਰ ਸੰਸਥਾਵਾਂ ਸਹਿਯੋਗ ਦੇਣ। ਉਨ੍ਹਾਂ ਕਿਹਾ ਕ ਚੰਡੀਗੜ੍ਹ ਛੱਡੇ ਕੇ ਜਦ ਦੂਜੇ ਵੱਡੇ ਸ਼ਹਿਰਾਂ ਮੁੰਬਈ ਤੋਂ ਦਿੱਲੀ 'ਚ ਜਾਈਏ ਤਾਂ ਚੰਡੀਗੜ੍ਹ
ਦੀ ਖ਼ੂਬਸੂਰਤੀ ਦਾ ਚੇਤਾ ਜ਼ਰੂਰ ਆਉਂਦਾ ਹੈ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਨੇ ਸੈਕਟਰ-33 'ਚ ਬਣੇ ਕੌਮੀ ਸ਼ਹੀਦਾਂ ਦੀ ਯਾਦ 'ਚ ਬਣੇ ਸਮਾਰਕ 'ਤੇ ਜਾ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਮਿਊਂਸਪਲ ਕਾਰਪੋਰੇਸ਼ਨ ਵਲੋਂ ਮੇਲੇ ਵਿਚ ਐਤਕੀ ਪਿਛਲੇ ਸਾਲ ਨਾਲੋਂ ਦੋ ਕਿਸਮਾਂ ਹੋਰ ਵਧਾ ਕੇ 266 ਕਿਸਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਮੌਕੇ ਜੱਜਾਂ ਦੇ ਪੈਨਲ ਵਲੋਂ ਫੁੱਲਾਂ ਦੇ ਮੁਕਾਬਲੇ ਵੀ ਕਰਵਾਏ ਗਏ। ਜੇਤੂਆਂ ਨੂੰ ਆਖ਼ਰੀ ਦਿਨ ਯੂ.ਟੀ. ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਇਨਾਮ ਵੰਡਣਗੇ। ਇਸ ਗੁਲਦਾਉਦੀ ਸ਼ੋਅ ਨੂੰ ਦਰਸ਼ਕਾਂ ਲਈ ਵੱਧ ਤੋਂ ਵੱਧ ਰੋਚਕ ਬਣਾਉਣ ਲਈ ਊਠ, ਘੋੜੇ, ਗਾਵਾਂ-ਮੱਝਾਂ, ਮੋਰ ਅਤੇ ਹੋਰ ਪਸ਼ੂ-ਪੰਛੀਆਂ ਦੇ ਬਣਾਵਟੀ ਬਿੰਬ ਬਣਾ ਕੇ ਫੁੱਲਾਂ ਨਾਲ ਸਜਾਏ ਹੋਏ ਹਨ।
ਇਸ ਮੌਕੇ ਉਦਘਾਟਨੀ ਸਮਾਰੋਹ 'ਚ ਗੁਰੂਕੁਲ ਸਕੂਲ ਦੇ ਬੱਚਿਆਂ ਵਲੋਂ ਪੰਜਾਬੀ ਤੇ ਹਿੰਦੀ ਗੀਤਾਂ 'ਤੇ ਕੋਰੀਉਗ੍ਰਾਫ਼ੀ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ, ਚੀਫ਼ ਇੰਜੀਨੀਅਰ ਐਸ.ਕੇ. ਬਾਂਸਲ, ਜੰਗਲਾਤ ਵਿਭਾਗ ਦੇ ਐਕਸੀਅਨ ਅਤੇ ਮੇਲੇ ਦੇ ਮੁੱਖ ਪ੍ਰਬੰਧਕ ਕ੍ਰਿਸ਼ਨ ਪਾਲ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਉੱਚ ਅਧਿਕਾਰੀ ਅਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।