
ਚੰਡੀਗੜ੍ਹ, 2 ਅਕਤੂਬਰ (ਸਰਬਜੀਤ ਢਿੱਲੋਂ) : ਦੇਸ਼ ਭਗਤਾਂ ਵਲੋਂ ਦੇਸ਼ ਦੇ ਆਜ਼ਾਦੀ ਅੰਦੋਲਨ ਦੇ ਰੰਗ 'ਚ ਰੰਗੇ ਜਾਣ ਬਾਅਦ ਵਿਦੇਸ਼ੀ ਬਣੇ ਕਪੜਿਆਂ ਦੀ ਥਾਂ 'ਤੇ ਹੱਥਾਂ ਨਾਲ ਤਿਆਰ ਕੀਤੇ ਸੂਤੀ ਕਪੜੇ ਖਾਦੀ ਖਰੀਦਣ ਲਈ ਅੱਜ ਵੀ ਚੰਡੀਗੜ੍ਹ ਵਾਸੀਆਂ 'ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਭਾਰਤ ਸਰਕਾਰ ਦੇ ਖਾਦੀ ਅਤੇ ਵਿਲੇਜ਼ ਇੰਡਸਟਰੀਜ਼ ਕਮਿਸ਼ਨ ਦੀ ਚੰਡੀਗੜ੍ਹ ਬਰਾਂਚ ਖਾਦੀ ਗ੍ਰਾਮ ਉਦਯੋਗ 'ਚ ਪੰਜਾਬ ਤੇ ਹਰਿਆਣਾ 'ਚ ਤਿਆਰ ਕੀਤੇ ਸੂਤੀ ਕਪੜੇ ਪਹਿਲਾਂ ਨਾਲੋਂ ਵੱਧ ਕਢਾਈਦਾਰ ਤੇ ਡੀਜ਼ਾਈਨਦਾਰ ਵੇਖਣ ਨੂੰ ਮਿਲ ਰਹੇ ਹਨ, ਜੋ ਕਿ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਇਨ੍ਹਾਂ ਵਿਚ ਸਿਲਕੀ ਖਾਦੀ, ਕਸ਼ਮੀਰੀ ਵੂਲਨ, ਸੂਟ ਸਾੜੀਆਂ, ਸੂਤੀ ਖਾਦੀ ਅਤੇ ਗਰਮ ਖਾਦੀ ਦੇ ਕਪੜੇ ਮੋਹਾਲੀ ਫ਼ੈਸ਼ਨ ਡੀਜ਼ਾਈਨਰ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਵਿਕਰੀ ਅੱਜ ਵੀ ਸਾਲ ਭਰ 'ਚ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ 'ਚ ਲੱਖਾਂ ਰੁਪਇਆਂ ਦੀ ਕੀਤੀ ਜਾਂਦੀ ਹੈ।
ਚੰਡੀਗੜ੍ਹ 'ਚ ਕੇ.ਵੀ.ਆਈ.ਸੀ. ਵਲੋਂ ਸੈਕਟਰ 22 ਅਤੇ 17 'ਚ ਖਾਦੀ ਗ੍ਰਾਮ ਦੇ ਪ੍ਰੋਡਕਟ ਵੇਚਣ ਲਈ ਖਾਦੀ ਭੰਡਾਰ ਮਸ਼ਹੂਰ ਹਨ। ਜਿਥੇ ਸ਼ਹਿਦ ਅਤੇ ਘਰੇਲੂ ਜੜ੍ਹੀ-ਬੂਟੀਆਂ ਨਾਲ ਤਿਆਰ ਦਵਾਈਆਂ ਤੇ ਅਚਾਰ, ਚਟਣਗੀਆਂ ਤੇ ਹੋਰ ਵਸਤਾਂ ਵੀ ਵਿਕਰੀ ਲਈ ਮਿਲਦੀਆਂ ਹਨ।
ਸੈਕਟਰ 22 'ਚ ਖਾਦੀ ਭੰਡਾਰ ਦੇ ਸੰਚਾਲਕ ਗਾਂਧੀਵਾਦੀ ਰਾਮ ਲਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵਲੋਂ ਵੱਖ ਵੱਖ ਖਾਦੀ ਭੰਡਾਰਾਂ 'ਚ ਖਾਦੀ ਵਸਤਾਂ 'ਤੇ 2 ਅਕਤੂਬਰ ਤੋਂ ਮਹਾਤਮਾ ਗਾਂਧੀ ਦੇ ਜਨਮ ਦਿਨ ਤੋਂ 20 ਫ਼ੀ ਸਦੀ ਤਕ ਖਾਦੀ ਕਪੜਿਆਂ ਦੇ ਮੁੱਲ 'ਚ ਛੋਟ ਵੀ ਦਿਤੀ ਜਾ ਰਹੀ ਹੈ, ਜੋ ਕਿ ਦੋ ਮਹੀਨਿਆਂ ਤਕ ਚਲੇਗੀ। ਉਨ੍ਹਾਂ ਕਿਹਾ ਕਿ ਖਾਦੀ ਗ੍ਰਾਮ ਉਦਯੋਗ ਵਲੋਂ ਪੇਸ਼ ਦਰੀਆਂ ਤੇ ਕੰਬਲ ਵੀ ਤਿਆਰ ਕੀਤੇ ਗਏ ਹਨ ਅਤੇ ਖਾਦੀ ਦੇ ਇਨ੍ਹਾਂ ਉਤਪਾਦਾਂ ਦੀ ਪ੍ਰਦਰਸ਼ਨੀਆਂ ਵੀ ਲਾ ਰਹੇ ਹਨ।