
ਚੰਡੀਗੜ੍ਹ, 28 ਅਗੱਸਤ (ਸਰਬਜੀਤ
ਢਿੱਲੋਂ) : ਸਿਰਸੇ ਵਾਲੇ ਸਾਧ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹਿੰਸਾ ਦੀਆਂ ਘਟਨਾਵਾਂ
ਕਾਰਨ ਰੁਕਿਆ ਜਨਜੀਵਨ ਮੁੜ ਜਿੰਦਗੀ ਦੀ ਪਟੜੀ 'ਤੇ ਬਹਾਲ ਹੋ ਗਿਆ ਹੈ, ਪਰੰਤੂ ਸ਼ਹਿਰੋਂ
ਬਾਹਰ ਜਾਣ ਵਾਲੇ ਅਤੇ ਆਉਣ ਵਾਲੇ ਲੱਖਾਂ ਲੋਕਾਂ ਦੇ ਮਨਾਂ ਅੰਦਰ ਅਜੇ ਵੀ ਡਰ ਤੇ ਭੈਅ
ਵਾਲਾ ਮਾਹੌਲ ਬਣਿਆ ਹੋਇਆ ਹੈ। ਸੀਟੀਯੂ ਨੇ ਮੋਹਾਲੀ, ਪੰਚਕੂਲਾ ਸਣੇ ਨਾਲ ਲਗਦੇ ਵੱਡੇ
ਸ਼ਹਿਰਾਂ ਜ਼ੀਰਕਪੁਰ, ਡੇਰਾਬਸੀ ਵੱਲ ਦੇ ਬੰਦ ਰੂਟ ਬਹਾਲ ਕਰ ਦਿਤੇ ਹਨ ਪ੍ਰੰਤੂ ਰੇਲਵੇ
ਵਿਭਾਗ ਨੇ ਦਿੱਲੀ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਰੇਲਾਂ ਅਜੇ
ਪੂਰਨ ਰੂਪ 'ਚ ਨਹੀਂ ਚਲਾਈਆਂ, ਜਿਸ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਵਪਾਰੀ, ਦੁਕਾਨਦਾਰਾਂ
ਅਤੇ ਨੌਕਰੀਪੇਸ਼ਾ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਡੀਗੜ੍ਹ
ਪ੍ਰਸ਼ਾਸਨ ਵਲੋਂ ਦੇਰ ਰਾਤ ਕੀਤੇ ਫ਼ੈਸਲੇ 'ਚ ਪਿਛਲੇ ਚਾਰ ਦਿਨਾਂ ਤੋਂ ਬੰਦ ਸਰਕਾਰੀ ਕਾਲਜ
ਤੇ ਸਕੂਲ ਅੱਜ ਸੋਮਵਾਰ ਨੂੰ ਖੁਲ੍ਹੇ ਪਰ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਬਹੁਤ ਘੱਟ
ਵਿਖਾਈ ਦਿਤੀ। ਦੂਜੇ ਪਾਸੇ ਪ੍ਰਾਈਵੇਟ ਤੇ ਕਾਨਵੈਂਟ ਸਕੂਲ ਪ੍ਰਬੰਧਕ ਐਸੋਸੀਏਸ਼ਨ ਦੇ ਸੱਦੇ
'ਤੇ 8-9 ਸਕੂਲ ਪੂਰੀ ਤਰ੍ਹਾਂ ਬੰਦ ਹੀ ਰੱਖੇ ਗਏ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਹ
ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ।
ਪ੍ਰਸ਼ਾਸਨ 72 ਘੰਟਿਆਂ
ਲਈ ਬੰਦ ਕੀਤੀ ਇੰਟਰਨੈਟ ਸੇਵਾ ਮੁੜ ਬਹਾਲ ਕਰ ਦਿਤੀ ਗਈ ਹੈ, ਜਿਸ ਨਾਲ ਕਈ ਦਿਨਾਂ ਤੋਂ
ਠੱਪ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਵਪਾਰੀ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਚੰਡੀਗੜ੍ਹ
ਪ੍ਰਸ਼ਾਸਨ ਨੇ ਸ਼ਹਿਰ 'ਚ ਅੱਜ ਸੌਦਾ ਸਾਧ ਨੂੰ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਪਹਿਲਾਂ
ਵਾਂਗ ਹੀ ਥਾਂ-ਥਾਂ ਨਾਕੇ ਲਾਏ ਗਏ ਅਤੇ ਮੋਹਾਲੀ, ਪੰਚਕੂਲਾ ਦੇ ਬੈਰੀਅਰ 'ਤੇ ਬਾਹਰੋਂ
ਆਉਣ-ਜਾਣ ਵਾਲੀਆਂ ਗੱਡੀਆਂ ਤੇ ਰਾਹਗੀਰਾਂ ਦੀਆਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਸਨ ਅਤੇ
ਮਾਹੌਲ ਪੂਰੀ ਤਰ੍ਹਾਂ ਸ਼ਾਂਤ ਬਣਿਆ ਹੋਇਆ ਹੈ।