
ਚੰਡੀਗੜ੍ਹ: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੀ ਰਨਵੇਅ ਦੀ ਰਿਪੇਅਰ ਤੇ ਆਈ. ਐੱਲ. ਐੱਸ. ਕੈਟ-3 ਦੀ ਇੰਸਟਾਲੇਸ਼ਨ ਕਾਰਨ ਅਗਲੇ ਢਾਈ ਮਹੀਨਿਆਂ ਦੌਰਾਨ 11 ਦਿਨ ਏਅਰਪੋਰਟ ਤੋਂ ਕਿਸੇ ਵੀ ਫਲਾਈਟ ਦੀ ਆਵਾਜਾਈ ਨਹੀਂ ਹੋਵੇਗੀ। ਇਸ ਲਈ ਐਤਵਾਰ ਦਾ ਦਿਨ ਚੁਣਿਆ ਗਿਆ ਹੈ। ਏਅਰਪੋਰਟ ਅਥਾਰਟੀ ਨੇ 3 ਦਸੰਬਰ ਤੋਂ 17 ਫਰਵਰੀ ਤੱਕ ਫਲਾਈਟਾਂ ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ, ਜਿਸ ਵਿਚ ਵਾਚਟਾਈਮ ਵਿਚ ਵੀ ਬਦਲਾਅ ਕੀਤਾ ਗਿਆ ਹੈ।
ਇਸਦੇ ਤਹਿਤ ਏਅਰਪੋਰਟ ਤੋਂ ਆਖਰੀ ਫਲਾਈਟ ਬਾਅਦ ਦੁਪਹਿਰ 3:45 ਵਜੇ ਉਡੇਗੀ। ਏਅਰਪੋਰਟ ਅਥਾਰਟੀ ਦੇ ਸੀ. ਈ. ਓ. ਸੁਨੀਲ ਦੱਤ ਨੇ ਦੱਸਿਆ ਕਿ ਅਜੇ ਰਨਵੇ ਰਿਪੇਅਰ ਤੇ ਹੋਰ ਕੰਮ ਚੱਲ ਰਹੇ ਹਨ, ਜਿਸ ਕਾਰਨ ਅਥਾਰਟੀ ਨੇ ਨਵਾਂ ਸ਼ਡਿਊਲ ਜਾਰੀ ਕੀਤਾ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਜੈੱਟ ਏਅਰਵੇਜ਼ ਵਲੋਂ 10 ਦਸੰਬਰ ਨੂੰ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਜਾਵੇਗਾ।
ਬੈਂਕਾਕ ਦੀ ਫਲਾਈਟ ਵੀ ਸ਼ਡਿਊਲ 'ਚ ਸ਼ਾਮਿਲ
ਏਅਰਪੋਰਟ ਅਥਾਰਟੀ ਵਲੋਂ ਇਸ ਸਰਦੀਆਂ ਦੇ ਸ਼ਡਿਊਲ ਵਿਚ ਇਕ ਹੋਰ ਇੰਟਰਨੈਸ਼ਨਲ ਫਲਾਈਟ ਸ਼ਾਮਿਲ ਕੀਤੀ ਗਈ ਹੈ। ਏਅਰਪੋਰਟ ਤੋਂ ਏਅਰ ਇੰਡੀਆ ਦੀ ਬੈਂਕਾਕ ਜਾਣ ਵਾਲੀ ਫਲਾਈਟ ਨੰਬਰ 337/338 ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ 11 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਇਹ ਫਲਾਈਟ ਬੈਂਕਾਕ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 9:20 ਵਜੇ ਲੈਂਡ ਕਰੇਗੀ ਤੇ ਦੁਪਹਿਰ 1:35 ਵਜੇ ਬੈਂਕਾਕ ਲਈ ਰਵਾਨਾ ਹੋਵੇਗੀ।