
ਚੰਡੀਗੜ੍ਹ,
9 ਸਤੰਬਰ (ਸਰਬਜੀਤ ਢਿੱਲੋਂ): ਹਾਊਸਿੰਗ ਬੋਰਡ ਚੰਡੀਗੜ੍ਹ ਵਲੋਂ ਜਿਨ੍ਹਾਂ ਕਿਸਾਨਾਂ
ਦੀਆਂ ਪ੍ਰਸ਼ਾਸਨ ਨੇ ਜ਼ਮੀਨਾਂ ਸ਼ਹਿਰ ਵਸਾਉਣ ਲਈ ਮੁਲ ਖ਼ਰੀਦ ਲਈਆਂ ਸਨ, ਉਨ੍ਹਾਂ ਨੂੰ
'ਆਊਸਟੀਜ਼ ਸਕੀਮ' ਅਧੀਨ ਫ਼ਲੈਟ ਅਲਾਟ ਕੀਤੇ ਜਾਣਗੇ। ਬੋਰਡ ਵਲੋਂ ਪਿਛਲੇ ਮਹੀਨੇ ਅਜਿਹੇ
ਲਾਭਪਾਤਰ ਕਿਸਾਨ ਜਾਂ ਪਰਵਾਰਾਂ ਕੋਲੋਂ ਅਰਜ਼ੀਆਂ ਮੰਗੀਆਂ ਸਨ। ਬੋਰਡ ਦੇ ਸੂਤਰਾਂ ਅਨੁਸਾਰ
ਇਸ ਸਕੀਮ ਲਈ ਕੁਲ 786 ਦੇ ਕਰੀਬ ਲੋਕਾਂ ਨੇ ਅਰਜ਼ੀਆਂ ਦਿਤੀਆਂ ਸਨ। ਬੋਰਡ ਵਲੋਂ ਤਸਦੀਕ
ਕਰਨ ਤੋਂ ਬਾਅਦ 123 ਦੇ ਕਰੀਬ ਲੋਕਾਂ ਨੂੰ ਹੀ ਯੋਗ ਪਾਇਆ ਗਿਆ ਹੈ।
ਬੋਰਡ ਦੇ ਇਕ
ਬੁਲਾਰੇ ਅਨੁਸਾਰ ਇਸ ਸਕੀਮ ਅਧੀਨ 85 ਦੇ ਕਰੀਬ ਅਜਿਹੇ ਲੋਕ ਸਨ ਜਿਨ੍ਹਾਂ ਦੀ 2 ਕਨਾਲ ਤੋਂ
ਘੱਟ ਜ਼ਮੀਨ ਖੋਹੀ ਗਈ ਜਦਕਿ 70 ਦੇ ਕਰੀਬ ਕਿਸਾਨ ਅਜਿਹੇ ਸਨ ਜਿਨ੍ਹਾਂ ਨੇ ਅਪਣੀ ਜ਼ਮੀਨ
ਐਕਵਾਇਰ ਕੀਤੇ ਜਾਣ ਦੇ ਸਬੂਤ ਵਜੋਂ ਪੂਰੇ ਕਾਗ਼ਜ਼ ਫ਼ਾਈਲਾਂ ਸਮੇਤ ਜਮ੍ਹਾਂ ਨਹੀਂ ਕਰਵਾਏ ਜਿਸ
ਸਦਕਾ ਉਨ੍ਹਾਂ ਦੇ ਕੇਸ ਫ਼ਿਲਹਾਲ ਰੱਦ ਕਰ ਦਿਤੇ ਗਏ। ਬੋਰਡ ਵਲੋਂ ਇਸ ਤੋਂ ਪਹਿਲਾਂ ਵੀ
ਅਨੇਕਾਂ ਲੋਕਾਂ ਨੂੰ ਫ਼ਲੈਟ ਅਲਾਟ ਕੀਤੇ ਜਾ ਚੁਕੇ ਹਨ।