
ਚੰਡੀਗੜ੍ਹ, 24 ਨਵੰਬਰ (ਸਰਬਜੀਤ ਢਿੱਲੋਂ) : ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵਲੋਂ ਲਈਅਰ ਵੈਲੀ ਸੈਕਟਰ 10 'ਚ 'ਚੰਡੀਗੜ੍ਹ ਕਾਰਨੀਵਲ 2017' ਦਾ ਸਾਲਾਨਾ ਸ਼ੋਅ ਧੂਮ ਧੜੱਕੇ ਨਾਲ ਸ਼ੁਰੂ ਹੋਇਆ।26 ਨਵੰਬਰ ਤਕ ਚਲਣ ਵਾਲੇ ਇਸ ਤਿੰਨ ਰੋਜ਼ਾ ਕਾਰਨੀਵਲ ਦਾ ਉਦਘਾਟਨ ਸੰਸਦ ਕਿਰਨ ਖੇਰ ਨੇ ਸਵੇਰੇ 11 ਵਜੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਸੈਰ ਸਪਾਟਾ ਵਿਭਾਗ ਚੰਡੀਗੜ੍ਹ ਜਤਿੰਦਰ ਯਾਦਵ ਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਵੀ ਹਾਜ਼ਰ ਸਨ। ਇਸ ਕਾਰਨੀਵਲ ਦਾ ਆਗਾਜ਼ ਅੱਜ ਪਹਿਲੇ ਦਿਨ ਗੌਰਮਿੰਟ ਆਰਟ ਤੇ ਕਾਲਜ ਸੈਕਟਰ 10 ਦੇ ਬੱਚਿਆਂ ਵਲੋਂ ਤਿਆਰ ਕੀਤੀਆਂ ਕਾਰਟੂਨਾਂ ਵਾਲੀਆਂ ਝਾਕੀਆਂ ਨਾਲ ਹੋਇਆ। ਇਨ੍ਹਾਂ ਵਿਸ਼ਾਲ ਤੇ ਰੰਗ ਬਰੰਗੀਆਂ ਰਿਕਸ਼ਾ ਝਾਕੀਆਂ 'ਚ ਛੋਟੇ-ਵੱਡੇ ਬੱਚਿਆਂ ਨੇ ਬੈਠ ਕੇ ਖ਼ੂਬ ਅਨੰਦ ਮਾਣਿਆ। ਪ੍ਰਸ਼ਾਸਨ ਵਲੋਂ ਦਰਸ਼ਕਾਂ ਦੀ ਪਸੰਦ ਦੇ ਖਾਣਿਆਂ ਦੀ ਸਟਾਲਾਂ ਵੀ ਲਾਈਆਂ।
ਇਸ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ ਸ਼ਾਮ 6 ਵਜੇ ਸੰਗੀਤਮਈ ਮਹਿਫ਼ਲਾਂ ਸਜਾਉਣ ਦਾ ਵੀ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ ਸੀ, ਜਿਥੇ ਉਘੇ ਗਾਇਕ ਨਿੰਜਾ ਨੇ ਦੇਰ ਰਾਤ ਖ਼ੂਬਸੂਰਤ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।ਇਸ ਤੋਂ ਪਹਿਲਾਂ ਸੰਸਦ ਕਿਰਨ ਖੇਰ ਨੇ ਰੰਗ-ਬਰੰਗੇ ਗੁਬਾਰੇ ਵੀ ਛੱਡੇ। ਉਨ੍ਹਾਂ ਦਰਸ਼ਕਾਂ ਨਾਲ ਭੰਗੜਾ ਵੀ ਪਾਇਆ ਅਤੇ ਸੈਰ ਸਪਾਟਾ ਵਿਭਾਗ ਵਲੋਂ ਕਰਵਾਏ ਜਾ ਰਹੇ ਚੰਡੀਗੜ੍ਹ ਕਾਰਨੀਵਲ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਲੋਕ ਇਸ ਕਾਰਨੀਵਲ 'ਚ ਸ਼ਾਮਲ ਹੋ ਕੇ ਅਨੰਦ ਮਾਣਨਗੇ।