
ਚੰਡੀਗੜ੍ਹ, 25 ਨਵੰਬਰ (ਸਰਬਜੀਤ ਢਿੱਲੋਂ): ਪ੍ਰਸ਼ਾਸਨ ਦੇ ਸੈਰ ਸਪਾਟਾ ਵਿਪਾਗ ਵਲੋਂ ਸੈਕਟਰ-10 ਦੀ ਲਈਅਰ ਵੈਲੀ ਵਿਚ ਲਾਏ ਚੰਡੀਗੜ੍ਹ ਕਾਰਨੀਵਾਲ ਦੇ ਦੂਜੇ ਦਿਨ ਭਾਰੀ ਰੌਣਕਾਂ ਲੱਗੀਆਂ ਰਹੀਆਂ। ਅੱਜ ਸ਼ਾਮ ਵੇਲੇ ਉੱਘੇ ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਸਾਥੀਆਂ ਵਲੋਂ ਖ਼ੂਬਸੂਰਤ ਗੀਤ ਗਾ ਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਸ਼ੈਰੀ ਮਾਨ ਦੀ ਗਾਇਕੀ ਨੂੰ ਸੁਣਨ ਲਈ ਖ਼ਾਸ ਕਰ ਕੇ ਨੌਜਵਾਨ ਮੁੰਡੇ ਕੁੜੀਆਂ ਨੇ ਟੋਲੀਆਂ ਬੰਨ੍ਹ-ਬੰਨ੍ਹ ਕੇ ਸੰਗੀਤਮਈ ਮਹਿਫ਼ਲ 'ਚ ਹਿੱਸਾ ਲਿਆ। ਸਵੇਰੇ ਚੰਡੀਗੜ੍ਹ ਸੰਗੀਤ ਨਾਕਟ ਅਕਾਦਮੀ ਵਲੋਂ ਸਜਾਈ ਸਟੇਜ 'ਤੇ ਮਸ਼ਹੂਰ ਜਾਦੂਗਰ ਐਸ.ਕੇ. ਸ਼ਰਮਾ ਨੇ ਕਈ ਜਾਦੂਗਿਰੀਆਂ ਵਿਖਾਈਆਂ। ਇਸ ਤੋਂ ਇਲਾਵਾ ਉਤਰੀ ਸਭਿਆਚਾਰਕ ਕੇਂਦਰ ਪਟਿਆਲਾ ਤੋਂ ਆਏ ਕਲਾਕਾਰਾਂ ਨੇ ਪੰਜਾਬੀ ਲੋਕ ਗੀਤਾਂ ਅਤੇ ਦੂਜੇ ਰਾਜਾਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਰਿਵਾਇਤੀ ਲੋਕ ਗੀਤਾਂ 'ਤੇ ਲੋਕ ਨਾਚਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ।
ਇਸ ਮੌਕੇ ਸੰਗੀਤ ਅਕਾਦਮੀ ਚੰਡੀਗੜ੍ਹ ਵਲੋਂ ਕਾਰਨੀਵਾਲ ਵਿਚ ਬੁਲਾਏ ਸੂਫ਼ੀ ਕਲਾਕਾਰ ਅਰੁਣ ਕਾਦਰੀ ਨੇ ਬੁਲੇਸ਼ਾਹ, ਮਿਰਜ਼ਾ ਤੇ ਹੋਰ ਪ੍ਰਸਿੱਧ ਗੀਤਾਂ ਨਾਂਲ ਦੁਪਹਿਰ ਤਕ ਮਹਿਫ਼ਲ ਸਜਾਈ ਰੱਖੀ। ਮੇਲੇ ਵਿਚ 'ਚ ਪ੍ਰਸਿੱਧ ਬਾਵਾ ਸਿੰਘ ਐਂਡ ਪਾਰਟੀ ਦੇ ਬਾਜ਼ੀਗਰ ਕਲਾਕਾਰਾਂ ਵਲੋਂ ਅਨੋਖੇ ਕਰਤੱਬ ਵਿਖਾਏ ਗਏ। ਇਨ੍ਹਾਂ ਕਲਾਕਾਰਾਂ ਵਲੋਂ 15 ਫ਼ੁਟ ਉੱਚੀ ਛਾਲ, ਬਲਦੀ ਅੱਗ ਦੇ ਗੋਲ ਘੇਰੇ 'ਚੋਂ ਨਿਕਲਣਾ ਵਰਗੀਆਂ ਆਈਟਮਾਂ ਪੇਸ਼ ਕੀਤੀਆਂ।ਇਸ ਤੋਂ ਇਲਾਵਾ ਸਰਕਾਰੀ ਆਰਟ ਕਾਲਜ ਦੇ ਬੱਚਿਆਂ ਵਲੋਂ ਸਾਈਕਲ-ਰਿਕਸ਼ਿਆਂ 'ਤੇ ਬਣਾਈਆਂ ਝਾਕੀਆਂ 'ਤੇ ਬੈਠ ਕੇ ਛੋਟੇ-ਛੋਟੇ ਦਰਸ਼ਕਾਂ ਨੇ ਮੇਲੇ ਦਾ ਆਨੰਦ ਮਾਣਿਆ। ਮੇਲੇ ਵਿਚ ਆਏ ਛੋਟੇ-ਛੋਟੇ ਬੱਚਿਆਂ ਨੇ ਉਠਾਂ ਦੀ ਸਵਾਰੀ ਦੇ ਨਾਲ-ਨਾਲ ਅਪਣੇ ਹੱਥਾਂ, ਮੂੰਹਾਂ ਆਦਿ 'ਤੇ ਰੰਗ-ਬਿਰੰਗੇ ਕਾਰਟੂਨ ਵਾਲੇ ਟੈਟੂ ਵੀ ਬਣਵਾਏ। 26 ਨਵੰਬਰ ਨੂੰ ਮੇਲੇ ਦਾ ਆਖ਼ਰੀ ਦਿਨ ਹੋਵੇਗਾ। ਇਸ ਮੌਕੇ ਸ਼ਾਮੀ 6:30 ਵਜੇ ਬਾਲੀਵੁਡ ਦੇ ਪ੍ਰਸਿੱਧ ਕਲਾਕਾਰ ਰਿਤੂ ਪਾਠਕ ਸੁਰੀਲੀ ਸ਼ਾਮ ਸਜਾਉਣਗੇ।