
ਚੰਡੀਗੜ੍ਹ, 16 ਨਵੰਬਰ (ਸਰਬਜੀਤ ਢਿੱਲੋਂ) : ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਗੋਲਡਨ ਜੁਬਲੀ ਮੌਕੇ ਚੰਡੀਗੜ੍ਹ ਪ੍ਰੈੱਸ ਕਲੱਬ ਸੈਕਟਰ-27 ਵਲੋਂ ਅੱਜ ਸਵੇਰੇ ਕੌਮਾਂਤਰੀ ਪ੍ਰੈੱਸ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਵੰਤ ਰਾਣਾ ਤੋਂ ਇਲਾਵਾ ਸੀਨੀਅਰ ਪੱਤਰਕਾਰ ਜੋ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਅਖ਼ਬਾਰਾਂ ਨਾਲ ਲੰਮਾ ਸਮਾਂ ਜੁੜੇ ਰਹੇ ਹਨ, ਵਲੋਂ ਪੱਤਰਕਾਰਾਂ ਨੂੰ ਮੌਜੂਦਾ ਤੇ ਪੁਰਾਣੇ ਸਮੇਂ ਦੇ ਹਾਲਾਤ ਤੋਂ ਜਾਣੂ ਕਰਵਾਇਆ। ਸਮਾਗਮ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਨਵਜੋਤ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਰਜਿੰਦਰ ਨਗਰਕੋਟੀ ਉਪ ਪ੍ਰਧਾਨ, ਜਨਰਲ ਸਕੱਤਰ ਰਵਿੰਦਰ ਰਾਵਤ ਵੀ ਮੌਜੂਦ ਸਨ। ਇਸ ਮੌਕੇ ਸੈਮੀਨਾਰ 'ਚ ਸੀਨੀਅਰ ਪੱਤਰਕਾਰ ਅਸ਼ੋਕ ਮਲਿਕ, ਓ.ਐਸ. ਸ਼ਰਮਾ, ਵੀ.ਪੀ. ਪ੍ਰਭਾਕਰ, ਕੇਵਲ ਭਾਰਤੀ ਸਮੇਤ ਦਰਜਨ ਤੋਂ ਵੱਧ ਸੀਨੀਅਰ ਪੱਤਰਕਾਰਾਂ ਤੇ ਫ਼ੋਟੋਗ੍ਰਾਫ਼ਰਜ਼ ਵਲੋਂ ਮੌਜੂਦਾ ਸਮੇਂ 'ਚ ਮੀਡੀਆ ਕਰਮਚਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਰੋਜ਼ਾਨਾ ਅਖ਼ਬਾਰਾਂ ਨੂੰ ਖ਼ਬਰਾਂ ਭੇਜਣ, ਸੋਸ਼ਲ ਮੀਡੀਆ ਰਾਹੀਂ,
ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ 'ਚ ਹੋਏ ਬਦਲਾਅ ਅਤੇ ਅਖ਼ਬਾਰਾਂ ਦੇ ਮਾਲਕਾਂ ਵਲੋਂ ਕਾਮਿਆਂ 'ਤੇ ਪਾਏ ਵਾਧੂ ਕੰਮ ਦੇ ਬੋਝ ਤੋਂ ਇਲਾਵਾ ਹੋਰ ਕਈ ਕਿਸਮ ਦੇ ਮੀਡੀਆ ਪੈਕੇਜ 'ਤੇ ਗੌਰ ਕਰਨ ਲਈ ਵਿਸਥਾਰ ਨਾਲ ਵਿਚਾਰ ਰੱਖੇ ਗਏ।
ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਵੰਤ ਰਾਣਾ ਨੇ ਕਿਹਾ ਕਿ ਪ੍ਰੈੱਸ ਕਲੱਬ ਕੌਮਾਂਤਰੀ ਪ੍ਰੈੱਸ ਦਿਵਸ ਮੌਕੇ ਹੁਣ ਹਰ ਸਾਲ ਵਿਸ਼ੇਸ਼ ਤੌਰ 'ਤੇ ਸਮਾਗਮ ਕਰਵਾਇਆ ਕਰੇਗਾ। ਇਸ ਸਮਾਗਮ 'ਚ ਮੁੱਖ ਮਹਿਮਾਨ ਡਾਇਰੈਕਟਰ ਲੋਕ ਸੰਪਰਕ ਵਿਭਾਗ ਨਵਜੋਤ ਕੌਰ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੱਤਰਕਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦਿਤਾ ਜਾਵੇਗਾ। ਉੁਨ੍ਹਾਂ ਵਲੋਂ ਪੱਤਰਕਾਰਾਂ ਭਾਈਚਾਰੇ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਦੀ ਸ਼ਲਾਘਾ ਕੀਤੀ।