
ਚੰਡੀਗੜ੍ਹ: ਦੇਸ਼ ਦੀਆਂ ਸਰਬੋਤਮ ਲਗ਼ਜ਼ਰੀ ਰੇਲਾਂ ਵਿਚੋਂ ਇਕ ਸ਼ਤਾਬਦੀ ਟ੍ਰੇਨ ਹੁਣ ਹੋਰ ਵੀ ਆਰਾਮਦਾਇਕ ਤੇ ਲਗ਼ਜ਼ਰੀ ਬਣਾਈ ਜਾ ਰਹੀ ਹੈ। ਚੰਡੀਗੜ੍ਹ-ਦਿੱਲੀ ਸ਼ਤਾਬਦੀ ਐਕਸਪ੍ਰੈਸ ’ਚ ‘ਗੋਲਡ ਸਟੈਂਡਰਡ’ ਦੀ ਸਹੂਲਤ ਸ਼ੁਰੂ ਹੋ ਗਈ ਹੈ। ਮੁਸਾਫਰ ਹੁਣ ਚੰਡੀਗੜ੍ਹ-ਦਿੱਲੀ ਸ਼ਤਾਬਦੀ ਐਕਸਪ੍ਰੈਸ ’ਚ ਸਫ਼ਰ ਦੌਰਾਨ ਇਨ੍ਹਾਂ ਲਗਜ਼ਰੀ ਸਹੂਲਤਾਂ ਦਾ ਆਨੰਦ ਮਾਣ ਸਕਦੇ ਹਨ। ਰੇਲਵੇ ਨੇ ਇਸ ਨੂੰ ‘ਸਵਰਨ ਪ੍ਰਾਜੈਕਟ’ ਦਾ ਨਾਂ ਦਿੱਤਾ ਹੈ।
ਅੰਬਾਲਾ ਡਵੀਜ਼ਨ ਦੇ ਡੀਆਰਐਮ ਦਿਨੇਸ਼ ਚੰਦ ਸ਼ਰਮਾ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ’ਚ ਸਵਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਤਹਿਤ ਗੱਡੀ ਨੰਬਰ 12045/46 ’ਚ 10 ਸਵਰਨ ਡੱਬੇ ਲਾਏ ਗਏ ਹਨ। ਅਜਿਹੇ ਇਕ ਡੱਬੇ 2,22,107 ਰੁਪਏ ਖਰਚ ਹੋਏ ਹਨ। ਸ਼ਤਾਬਦੀ ਦੀਆਂ ਦੀਵਾਰਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਦੇ ਸੈਰ-ਸਪਾਟੇ ਵਾਲੇ ਸਥਾਨਾਂ ਦੇ ਦ੍ਰਿਸ਼ਾਂ ਨਾਲ ਸਜਾਇਆ ਗਿਆ ਹੈ। ਇਕ ਪਾਸੇ ਵਾਲੀ ਦੀਵਾਰ ’ਤੇ ਚੰਡੀਗੜ੍ਹ ਦੇ ਸੈਰ-ਸਪਾਟੇ ਵਾਲੇ ਸਥਾਨਾਂ ਦੇ ਦ੍ਰਿਸ਼ ਹਨ ਅਤੇ ਦੂਜੇ ਪਾਸੇ ਦਿੱਲੀ ਦੇ। ਇਨ੍ਹਾਂ ਚਿੱਤਰਾਂ ਨੂੰ ਵਿਸ਼ੇਸ਼ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ।
ਅਧਿਕਾਰੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਚਿੱਤਰਾਂ ਨੂੰ ਨਾ ਹੀ ਉਖਾੜਿਆ ਜਾ ਸਕਦਾ ਹੈ ਅਤੇ ਨਾ ਹੀ ਇਨ੍ਹਾਂ ’ਤੇ ਝਰੀਟਾਂ ਪੈ ਸਕਦੀਆਂ ਹਨ। ਇਨ੍ਹਾਂ ਡੱਬਿਆਂ ’ਚ ਦਾਖ਼ਲ ਹੋਣ ਤੇ ਬਾਹਰ ਨਿਕਲਣ ਲਈ ਆਟੋਮੈਟਿਕ ਦਰਵਾਜ਼ੇ ਲਾਏ ਗਏ ਹਨ। ਨਾਲ ਹੀ ਡੱਬਿਆਂ ’ਚ ਅੱਗ ’ਤੇ ਕਾਬੂ ਪਾਉਣ ਵਾਲੇ ਉਪਕਰਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਾਰੇ ਸਵਰਨ ਡੱਬਿਆਂ ’ਚ ਰੂਮ ਫਰੈਸ਼ਨਰ ਲਾਏ ਗਏ ਹਨ। ਪਖਾਨਿਆਂ ’ਚ ਬਿਹਤਰੀਨ ਬਾਥ ਫਿਟਿੰਗਜ਼ ਅਤੇ ਡਿਜ਼ਾਈਨਰ ਵਾਸ਼ ਬੇਸਿਨ ਲਾਏ ਗਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਭਵਿੱਖ ’ਚ ਮੌਕਾ ਮਿਲਣ ’ਤੇ ਹੋਰਨਾਂ ਰੇਲਗੱਡੀਆਂ ’ਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ’ਚ ਇਹ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਬਹੁਤ ਸਮੇਂ ਪਹਿਲਾਂ ਯੋਜਨਾ ਬਣਾਈ ਗਈ ਸੀ ਤੇ 25 ਦਸਬੰਰ ਨੂੰ ਇਹ ਯੋਜਨਾ ਅੰਬਾਲਾ ਮੰਡਲ ਕੋਲ ਪੇਸ਼ ਕੀਤੀ ਗਈ।