
ਐਸ.ਏ.ਐਸ. ਨਗਰ, 13 ਮਾਰਚ (ਸੁਖਦੀਪ ਸਿੰਘ ਸੋਈ) : ਚੰਡੀਗੜ੍ਹ ਯੂਨੀਵਰਸਟੀ ਘੜੂੰਆਂ ਦੇ ਹੋਟਲ ਮੈਨੇਜਮੈਂਟ ਤੇ ਏਅਰ ਲਾਈਨਜ਼ ਟੂਰਿਜ਼ਮ ਐਂਡ ਹੌਸਪੀਟੈਲਿਟੀ ਮੈਨੇਜਮੈਂਟ ਦੇ ਵਿਦਿਆਰਥੀ ਉੱਘੇ ਪੰਜ ਤਾਰਾ ਹੋਟਲਾਂ ਦੀ ਪਲੇਸਮੈਂਟ ਪੱਖੋਂ ਪਹਿਲੀ ਪਸੰਦ ਬਣੇ ਹਨ। ਚੰਡੀਗੜ੍ਹ ਯੂਨੀਵਰਸਟੀ ਦੇ ਬੈਚ 2017 ਦੀ ਸਾਲ ਭਰ ਚੱਲੀ ਕੈਂਪਸ ਪਲੇਸਮੈਂਟ ਦੌਰਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਘੇ 53 ਪੰਜ ਤਾਰਾ ਹੋਟਲਾਂ ਨੇ ਹੋਟਲ ਮੈਨੇਜਮੈਂਟ ਇੰਸਟੀਚਿਊਟ ਦੇ 294 ਵਿਦਿਆਰਥੀਆਂ ਦੀ ਵੱਡੇ ਤਨਖ਼ਾਹ ਪੈਕੇਜਾਂ ਉਤੇ ਚੋਣ ਕੀਤੀ। ਵਿਸ਼ਵ ਪੱਧਰ 'ਤੇ ਵੱਡੀ ਪ੍ਰਸਿੱਧੀ ਖੱਟ ਚੁੱਕੇ ਉੱਘੇ ਹੋਟਲ ਗਰੁੱਪਾਂ ਦੀ ਭਰਤੀ ਮੁਹਿੰਮ ਦੌਰਾਨ 294 ਵਿਦਿਆਰਥੀਆਂ ਨੂੰ 395 ਆਫ਼ਰ ਲੈਟਰ ਪ੍ਰਾਪਤ ਹੋਏ। ਇਸ ਭਰਤੀ ਮੁਹਿੰਮ ਦੌਰਾਨ ਸਭ ਤੋਂ ਵੱਡਾ ਤਨਖ਼ਾਹ ਪੈਕੇਜ 18 ਲੱਖ ਰੁਪਏ ਦਾ ਮਿਲਿਆ।ਚੰਡੀਗੜ੍ਹ ਯੂਨੀਵਰਸਟੀ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹੋਟਲ ਮੈਨੇਜਮੈਂਟ ਤੇ ਏਅਰ ਲਾਈਨਜ਼ ਟੂਰਿਜ਼ਮ ਐਂਡ ਹੌਸਪੀਟੈਲਿਟੀ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਚਲੀ ਪਲੇਸਮੈਂਟ ਦੌਰਾਨ ਭਾਗ ਲੈਣ ਵਾਲਿਆਂ ਵਿਚ ਓਬਰਾਏ ਗਰੁੱਪ, ਦੀ ਗਰੈਂਡ, ਜੇ. ਡਬਲਯੂ. ਮੈਰੀਓਟ, ਹੋਟਲ ਹਯਾਤ, ਤਾਜ ਹੋਟਲ, ਇੰਟਰ ਕਾਂਟੀਨੈਂਟਲ ਹੋਟਲ, ਦਾ ਲੋਧੀ, ਲਾਡੁਰੀ ਕੁਵੈਤ, ਜੈੱਟ ਏਅਰ ਵੇਜ਼ ਗਰੁੱਪ, ਕਲੱਬ ਵਨ ਏਅਰ, ਇੰਡੀਗੋ ਆਦਿ ਦੇ ਨਾਂ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਬਹੁ ਕੌਮੀ ਹੋਟਲ ਗਰੁੱਪਾਂ ਵਲੋਂ ਚੁਣੇ ਗਏ ਵਿਦਿਆਰਥੀਆਂ ਦੇ ਤਨਖ਼ਾਹ ਪੈਕੇਜਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੈਫ਼ ਦੇ ਅਹੁਦੇ ਲਈ ਵੱਖ-ਵੱਖ ਅਦਾਰਿਆਂ ਵਲੋਂ 104 ਆਫ਼ਰ ਲੈਟਰ ਆਏ, ਜਿਨ੍ਹਾਂ ਵਿਚ ਸੱਭ ਤੋਂ ਵੱਡਾ ਤਨਖ਼ਾਹ ਪੈਕੇਜ 4.1 ਲੱਖ ਰੁਪਏ ਦਾ ਰਿਹਾ। ਫ਼ਰੰਟ ਆਫ਼ਿਸ ਐਂਡ ਫੂਡ ਬਿਵਰੇਜ ਸਰਵਿਸ ਲਈ 127 ਆਫ਼ਰ ਲੈਟਰ ਆਏ, ਜਦਕਿ ਇਸ ਲਈ 6 ਲੱਖ ਰੁਪਏ ਦੇ ਤਨਖ਼ਾਹ ਪੈਕੇਜ ਪ੍ਰਾਪਤ ਹੋਏ।
ਬੁਲਾਰੇ ਨੇ ਦਸਿਆ ਕਿ ਏਅਰ ਲਾਈਨਜ਼ ਵਾਲੇ ਵਿਦਿਆਰਥੀਆਂ ਲਈ ਸਭ ਤੋਂ ਵੱਡਾ ਤਨਖ਼ਾਹ ਪੈਕੇਜ 3.92 ਲੱਖ ਦਾ ਰਿਹਾ ਤੇ ਇਸ ਖੇਤਰ ਦੇ ਵਿਦਿਆਰਥੀਆਂ ਲਈ ਵੱਖ ਵੱਖ ਅਦਾਰਿਆਂ ਵਲੋਂ 52 ਆਫ਼ਰ ਲੈਟਰ ਪ੍ਰਾਪਤ ਹੋਏ।ਚੰਡੀਗੜ੍ਹ ਯੂਨੀਵਰਸਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਆਖਿਆ ਕਿ ਯੂਨੀਵਰਸਟੀ ਵਲੋਂ ਆਪਣੇ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਪਹਿਲੇ ਦਿਨ ਤੋਂ ਹੀ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਜਿੱਥੇ ਯੂਨੀਵਰਸਟੀ ਨੇ ਦੇਸ਼ ਦੀਆਂ ਉੱਘੀਆਂ ਕੰਪਨੀਆਂ ਦੇ ਮੁਖੀਆਾਂਨੂੰ ਆਪਣੇ ਕਾਰਪੋਰੇਟ ਸਲਾਹਕਾਰ ਬੋਰਡ ਵਿਚ ਸ਼ਾਮਲ ਕੀਤਾ ਹੈ, ਉੱਥੇ ਹੀ ਇੰਡਸਟਰੀ ਲਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਪਹਿਲੇ ਸਾਲ ਤੋਂ ਹੀ ਪ੍ਰੀ ਪਲੇਸਮੈਂਟ ਟਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਸੰਧੂ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਦੇਸ਼ਾਂ ਦੇ ਪਕਵਾਨਾਂ ਬਾਰੇ ਨਵੀਨਤਮ ਜਾਣਕਾਰੀ ਪ੍ਰਦਾਨ ਕਰਾਉਣ ਲਈ ਉੱਘੀਆਂ ਵਿਦੇਸ਼ੀ ਸੰਸਥਾਵਾਂ ਦੇ ਵਿਦਵਾਨ ਬੁਲਾਰਿਆਂ ਦੇ ਵਿਸ਼ੇਸ਼ ਲੈਕਚਰ ਵੀ ਕਰਵਾਏ ਜਾਂਦੇ ਹਨ। ਹੋਟਲ ਇੰਡਸਟਰੀ ਦਾ ਵਿਵਹਾਰਿਕ ਤਜਰਬਾ ਪ੍ਰਦਾਨ ਕਰਾਉਣ ਲਈ ਵਿਦਿਆਰਥੀਆਂ ਨੂੰ ਦੇਸ਼ ਵਿਦੇਸ਼ ਦੇ ਹੋਟਲਾਂ 'ਚ ਪ੍ਰੈਕਟੀਕਲ ਟਰੇਨਿੰਗ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।