
ਡੇਰਾਬੱਸੀ, 3 ਸਤੰਬਰ (ਗੁਰਜੀਤ ਈਸਾਪੁਰ) :
ਡੇਰਾਬੱਸੀ ਬੱਸ ਸਟੈਂਡ ਦੇ ਪਿੱਛੇ ਪਾਣੀ ਵਾਲੀ ਟੈਂਕੀ ਨੇੜੇ ਦੁਪਿਹਰ ਕਰੀਬ 12 ਵਜੇ ਇਕ
38 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
ਬਣ ਗਿਆ ਹੈ। ਡੇਰਾਬੱਸੀ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਪੁਲਿਸ ਪਾਰਟੀ ਸਮੇਤ
ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ
ਮੁਤਾਬਕ ਬੱਸ ਸਟੈਂਡ ਦੇ ਪਿਛਲੇ ਪਾਸੇ ਬਣੀ ਪਾਰਕ ਵਿਚ ਕੌਂਸਲ ਦੇ ਸਫ਼ਾਈ ਸੇਵਕ ਨੇ ਇਕ
ਵਿਅਕਤੀ ਨੂੰ ਖ਼ੂਨ ਨਾਲ ਲੱਥਪਥ ਪਿਆ ਵੇਖਿਆ ਜਿਸ ਦੀ ਪਛਾਣ ਸਤੀਸ਼ ਕੁਮਾਰ ਪੁੱਤਰ ਬਚਨ ਰਾਮ
ਵਾਸੀ ਮਹੁੱਲਾ ਸ਼ਿਵਪੁਰੀ ਨੇੜੇ ਸ਼ਿਵਪੁਰੀ ਡੇਰਾਬੱਸੀ ਵਜੋਂ ਹੋਈ ਹੈ। ਉਨ੍ਹਾਂ ਇਸ ਦੀ
ਸੂਚਨਾ ਪਰਵਾਰਕ ਮੈਂਬਰਾਂ ਅਤੇ ਪੁਲਿਸ ਨੂੰ ਦਿਤੀ।
ਮ੍ਰਿਤਕ ਦੇ ਭਰਾ ਕੁਲਦੀਪ ਪਵਾਰ
ਅਤੇ ਭਤੀਜੇ ਸਨਦੀਪ ਪਵਾਰ ਨੇ ਦਸਿਆ ਕਿ ਸਤੀਸ਼ ਕੁਮਾਰ ਸਵੇਰੇ 10:30 ਵਜੇ ਘਰੋਂ ਕੰਮ ਲਈ
ਨਿਕਲਿਆ ਸੀ। ਉਨ੍ਹਾਂ ਨੂੰ 12:30 ਵਜੇ ਸੂਚਨਾ ਮਿਲੀ ਕਿ ਸਤੀਸ਼ ਖ਼ੂਨ ਨਾਲ ਲੱਥਪਥ ਪਾਰਕ
ਵਿਚ ਪਿਆ ਹੈ। ਮੌਕੇ 'ਤੇ ਉਨ੍ਹਾਂ ਵੇਖਿਆ ਤਾਂ ਸਤੀਸ਼ ਦੀ ਮੌਤ ਹੋ ਚੁਕੀ ਸੀ। ਆਸਪਾਸ ਦੇ
ਲੋਕਾਂ ਮੁਤਾਬਕ ਮ੍ਰਿਤਕ ਪਹਿਲਾਂ ਵੀ ਇਸ ਪਾਰਕ ਵਿਚ ਆਇਆ ਕਰਦਾ ਸੀ। ਉਹ ਘਰਾਂ ਵਿਚ ਬਿਜਲੀ
ਦਾ ਕੰਮ ਕਰਦਾ ਸੀ। ਸਤੀਸ਼ ਦੇ ਪਰਵਾਰ ਵਿਚ ਪਤਨੀ ਤੋਂ ਇਲਾਵਾ 10 ਸਾਲਾ ਲੜਕੀ ਅਤੇ 7
ਸਾਲਾ ਪੁੱਤਰ ਹੈ।
ਰਿਹਾਇਸ਼ੀ ਖੇਤਰ 'ਚ ਹੋਇਆ ਕਤਲ : ਜਿਥੇ ਵਿਅਕਤੀ ਦਾ ਕਤਲ ਹੋਇਆ
ਹੈ, ਉਹ ਤਹਿਸੀਲ ਰੋਡ ਦੇ ਬਿਲਕੁਲ ਨਾਲ ਲਗਦਾ ਪਾਰਕ ਹੈ ਜਿਥੇ ਲੋਕਾਂ ਦੀ ਆਵਾਜਾਈ ਰਹਿੰਦੀ
ਹੈ। ਕਤਲ ਕਰਨ ਵੇਲੇ ਕਿਸੇ ਨੂੰ ਇਸ ਦੀ ਭਿਣਕ ਨਾ ਪੈਣਾ ਅਪਣੇ ਆਪ 'ਚ ਵੱਡਾ ਸਵਾਲ ਹੈ।
ਇਸ ਤੋਂ ਇਲਾਵਾ ਇਸ ਦੇ ਨਾਲ ਬੀਐਸਐਨਐਲ ਦੇ ਬਹੁ-ਮੰਜ਼ਲੀ ਕੁਆਰਟਰ ਵੀ ਹਨ। ਟਿਊਬਵੈੱਲ
ਅਪਰੇਟਰ ਦਾ ਕਮਰਾ ਅਤੇ ਤਾਸ਼ ਖੇਡਣ ਵਾਲਿਆਂ ਦਾ ਵੀ ਤਾਂਤਾ ਲੱਗਾ ਰਹਿੰਦਾ ਹੈ।
ਕਤਲ ਦੀ ਜਾਂਚ ਚੱਲ ਰਹੀ ਹੈ: ਡੀਐਸਪੀ : ਇਸ ਮਾਮਲੇ ਸਬੰਧੀ ਡੀਐਸਪੀ ਪਰਸ਼ੋਤਮ ਬਲ ਨੇ ਦਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।