
ਚੰਡੀਗੜ੍ਹ, 16 ਅਕਤੂਬਰ (ਤਰੁਣ ਭਜਨੀ): ਡੇਰਾ ਸੱਚਾ ਸੌਦਾ ਨਾਲ ਚੰਡੀਗੜ੍ਹ ਪੁਲਿਸ ਦੇ ਇਕ ਹੌਲਦਾਰ ਦੇ ਨੇੜਲੇ ਸਬੰਧ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਇਹ ਹੌਲਦਾਰ ਡੇਰੇ ਨੂੰ ਸਾਰੀ ਖੁਫ਼ਿਆ ਸੂਚਨਾ ਪਹੁੰਚਾਉਣ ਦਾ ਕੰਮ ਕਰਦਾ ਸੀ। ਪੁਲਿਸ ਕਰਮਚਾਰੀ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਚਕੂਲਾ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਇਸ ਹੌਲਦਾਰ ਨੂੰ ਸੋਮਵਾਰ ਸ਼ਾਮੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਜਿਸਦੀ ਪਛਾਣ ਹੈਡਕਾਂਸਟੇਬਲ ਲਾਲ ਸਿੰਘ ਦੇ ਰੂਪ ਵਿਚ ਹੋਈ ਹੈ। ਪੰਚਕੂਲਾ ਦੇ ਪੁਲਿਸ ਕਮਿਸ਼ਨਰ ਏ ਐਸ ਚਾਵਲਾ ਨੇ ਦੱਸਿਆ ਕਿ ਹੁਣ ਤਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਪੁਲਿਸ ਵਿਚ ਤੈਨਾਤ ਉਕਤ ਹੌਲਦਾਰ ਡੇਰੇ ਨੂੰ ਸਾਰੀਆਂ ਖ਼ਬਰਾਂ ਲੀਕ ਕਰਦਾ ਸੀ। ਉਨ੍ਹਾ ਦੱਸਿਆ ਕਿ ਪੁਲਿਸ ਕੋਲੇ ਪੁਰੇ ਸਬੂਤ ਹਨ ਕਿ ਉਹ ਡੇਰੇ ਨਾਲ ਸਬੰਧ ਰੱਖਦਾ ਸੀ। ਇਸਤੋਂ ਇਲਾਵਾ ਉਹ 25 ਅਗਸੱਤ ਨੂੰ ਪੰਚਕੂਲਾ ਵਿਚ ਵਾਪਰੀ ਹਿੰਸਕ ਘਟਨਾ ਦੇ ਦਿਨ ਵੀ ਪੰਚਕੂਲਾ ਵਿਚ ਮੌਜੂਦ ਹੈ।
ਜਿਸਦਾ ਪਤਾ ਇਕ ਵਿਡਿਓ ਤੋਂ ਲੱਗਾ ਹੈ। ਜਿਸ ਵਿਚ ਲਾਲ ਸਿੰਘ ਉਥੇ ਮੌਜੂਦ ਸੀ ਅਤੇ ਮੌਕੇ ਦੀ ਪੁਰੀ ਜਾਣਕਾਰੀ ਡੇਰੇ ਨੂੰ ਦੇ ਰਿਹਾ ਸੀ। ਦਰਅਸਲ ਹਰਿਆਣਾ ਪੁਲਿਸ ਦੇ ਇਕ ਉਚ ਅਧਿਕਾਰੀ ਨੇ ਅਪਣੀ ਰਿਪੋਰਟ ਵਿਚ ਹੌਲਦਾਰ ਦਾ ਜ਼ਿਕਰ ਕੀਤਾ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਉਕਤ ਹੌਲਦਾਰ ਡੇਰੇ ਨੂੰ ਖੁਫ਼ਿਆ ਰਿਪੋਰਟਾਂ ਭੇਜ ਰਿਹਾ ਹੈ ਅਤੇ ਉਸ ਨੂੰ ਪੰਚਕੂਲਾ ਵਿਚ ਵਾਪਰੀ ਹਿੰਸਕ ਘਟਨਾ ਵਾਰੇ ਪਹਿਲਾਂ ਤੋਂ ਪਤਾ ਸੀ। ਸੂਤਰਾਂ ਮੁਤਾਬਕ ਹੌਲਦਾਰ ਦਾ ਹਿੰਸਾ ਵਿਚ ਅਹਿਮ ਰੋਲ ਸੀ। ਸੋਮਵਾਰ ਪੰਚਕੂਲਾ ਪੁਲਿਸ ਨੇ ਛਾਪਾ ਮਾਰਕੇ ਉਕਤ ਹੌਲਦਾਰ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੰਗਲਵਾਰ ਮੁਲਜ਼ਮ ਨੂੰ ਪੰਚਕੂਲਾ ਜਿਲਾ ਅਦਾਲਤ ਵਿਚ ਪੇਸ਼ ਕਰਕੇ ਉਸਦੇ ਰਮਾਂਡ ਦੀ ਮੰਗ ਕਰੇਗੀ।ਦੂਜੇ ਪਾਸੇ ਡੇਰੇ ਤੋਂ ਪੁਲਿਸ ਨੂੰ ਗੁਰਮੀਤ ਰਾਮ ਰਹੀਮ ਦਾ ਪਾਸਪੋਰਟ ਮਿਲਿਆ ਹੈ। ਇਸਤੋਂ ਇਲਾਵਾ ਇਕ ਹੋਰ ਪਾਸਪੋਰਟ ਅਤੇ ਲੈਪਟਾਪ, ਕਾਫ਼ੀ ਗਿਣਤੀ ਵਿਚ ਕਰੈਡਿਟ ਕਾਰਡ ਵੀ ਉਥੋਂ ਬਰਾਮਦ ਹੋਏ ਹਨ। ਇਹ ਸਾਰੀ ਚੀਜ਼ਾਂ ਇਕ ਬੈਗ ਵਿਚ ਸੀ।