
ਚੰਡੀਗੜ੍ਹ, 15
ਸਤੰਬਰ (ਤਰੁਣ ਭਜਨੀ): 10 ਸਾਲਾ ਬੱਚੀ ਨਾਲ ਬਲਤਾਕਾਰ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ
ਸ਼ੁਕਰਵਾਰ ਪੁਲਿਸ ਨੂੰ ਮੁੜ ਜਾਂਚ ਕਰਨ ਦੇ ਆਦੇਸ਼ ਦਿਤੇ ਹਨ। ਪੁਲਿਸ ਨੇ ਅਦਾਲਤ ਵਿਚ ਅਰਜ਼ੀ
ਦਾਇਰ ਕਰ ਕੇ ਨਵ-ਜੰਮੀ ਬੱਚੀ ਦਾ ਡੀ.ਐਨ.ਏ. ਮੁਲਜ਼ਮ ਨਾਲ ਮੇਲ ਨਾ ਖਾਣ 'ਤੇ ਮੁੜ ਜਾਂਚ
ਕਰਨ ਦੀ ਇਜਾਜ਼ਤ ਮੰਗੀ ਸੀ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੂਨਮ ਆਰ ਜੋਸ਼ੀ ਦੀ ਅਦਾਲਤ
ਨੇ ਇਸ ਸਬੰਧੀ ਪੁਲਿਸ ਨੂੰ ਆਦੇਸ਼ ਦੇ ਦਿਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ
ਕੀਤੀ ਗਈ ਹੈ। ਸੈਕਟਰ 39 ਪੁਲਿਸ ਥਾਣਾ ਮੁੱਖੀ ਨੇ ਸ਼ੁਕਰਵਾਰ ਨੂੰ ਇਸ ਸਬੰਧੀ ਅਰਜ਼ੀ ਦਾਖ਼ਲ
ਕੀਤੀ ਸੀ। ਇਹ ਮਾਮਲਾ ਇਸੇ ਪੁਲਿਸ ਥਾਣੇ ਵਿਚ ਦਰਜ ਹੈ। ਪੀੜਤਾ ਦੇ ਬਿਆਨ ਦੇ ਆਧਾਰ 'ਤੇ
ਪੁਲਿਸ ਨੇ ਉਸ ਦੇ ਮਾਮੇ ਨੂੰ ਗ੍ਰਿਫ਼ਤਾਰ ਕੀਤਾ ਸੀ। ਪੀੜਤਾ ਨੇ ਵੀ ਅਦਾਲਤ ਵਿਚ ਮਾਮੇ ਦੀ
ਮੁਲਜ਼ਮ ਦੇ ਰੂਪ ਵਿਚ ਪਛਾਣ ਕੀਤੀ ਸੀ ਪਰ ਸੀ.ਐਫ਼.ਐਸ.ਐਲ. ਦੀ ਰੀਪੋਰਟ ਤੋਂ ਬਾਅਦ ਮਾਮਲੇ
ਵਿਚ ਨਵਾਂ ਮੋੜ ਆ ਗਿਆ ਜਿਸ ਵਿਚ ਨਵ-ਜੰਮੀ ਬੱਚੀ ਦਾ ਡੀ.ਐਨ.ਏ. ਮੁਲਜ਼ਮ ਨਾਲ ਮੇਲ ਨਹੀਂ
ਖਾਂਦਾ ਹੈ ਜਿਸ ਕਾਰਨ ਪੁਲਿਸ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਮੁੜ ਜਾਂਚ ਕਰਨ ਦੀ
ਇਜਾਜ਼ਤ ਮੰਗੀ ਸੀ।