
ਡੇਰਾਬੱਸੀ, 5
ਸਤੰਬਰ (ਗੁਰਜੀਤ ਈਸਾਪੁਰ): ਸਰਕਾਰੀ ਕਾਲਜ ਡੇਰਾਬੱਸੀ 'ਚ ਬਣ ਰਹੀ ਨਵੀਂ ਇਮਾਰਤ ਦਾ ਕੰਮ
ਲਗਭਗ 70 ਫ਼ੀ ਸਦੀ ਮੁਕੰਮਲ ਹੋਣ ਤੋਂ ਬਾਅਦ ਫ਼ੰਡ ਜਾਰੀ ਨਾ ਹੋਣ ਕਾਰਨ ਵਿਚਾਲੇ ਹੀ ਰੁਕ
ਗਿਆ। ਸਰਕਾਰ ਵਲੋਂ ਪ੍ਰਵਾਨ ਹੋਈ 2 ਕਰੋੜ 82 ਲੱਖ ਰਾਸ਼ੀ ਵਿਚੋਂ ਸਿਰਫ਼ 50 ਲੱਖ ਦੀ ਰਾਸ਼ੀ
ਜਾਰੀ ਕੀਤੀ ਗਈ ਜਿਸ ਵਿਚੋਂ ਠੇਕੇਦਾਰ ਨੂੰ 45 ਲੱਖ ਰੁਪਏ ਹੀ ਮਿਲੇ ਹਨ। ਇਸ ਇਮਾਰਤ ਦਾ
ਪਿਛਲੀ ਸਰਕਾਰ ਵੇਲੇ ਉਚੇਰੀ ਸਿਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ 2 ਦਸੰਬਰ 2015 ਵਿਚ
ਨੀਂਹ ਪੱਥਰ ਰਖਿਆ ਸੀ।
ਕਾਲਜ ਲਈ ਪ੍ਰਵਾਨ ਕੀਤੇ ਫ਼ੰਡ ਜਾਰੀ ਨਾ ਹੋਣ ਕਾਰਨ ਇਮਾਰਤ
ਦਾ ਕੰਮ ਅਧੂਰਾ ਰਹਿ ਗਿਆ ਅਤੇ ਠੇਕੇਦਾਰ ਨੇ ਪੈਸੇ ਨਾ ਮਿਲਣ ਕਾਰਨ ਪਿਛਲੇ ਤਿੰਨ ਮਹੀਨਿਆਂ
ਤੋਂ ਇਮਾਰਤ ਦਾ ਕੰਮ ਮੁਕੰਮਲ ਤੌਰ 'ਤੇ ਬੰਦ ਕੀਤਾ ਹੋਇਆ ਹੈ।
ਕੰਢੀ ਏਰੀਆ ਤਹਿਤ ਪ੍ਰਵਾਨ ਹੋਏ 75 ਲੱਖ ਵੀ ਨਹੀਂ ਮਿਲੇ
ਸਾਬਕਾ
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਅਪਣੀ ਸਰਕਾਰ ਵਲੋਂ ਕੁਲ 2 ਕਰੋੜ 49 ਲੱਖ ਰੁਪਏ
ਸਰਕਾਰੀ ਕਾਲਜ ਲਈ ਪ੍ਰਵਾਨ ਕੀਤੇ ਸਨ। ਜਿਨ੍ਹਾਂ ਵਿਚੋਂ 1 ਕਰੋੜ 64 ਲੱਖ ਪੀਈਡੀਬੀ ਅਤੇ
10 ਲੱਖ ਐਮ.ਐਲ.ਏ. ਫ਼ੰਡ ਜਾਰੀ ਹੋ ਗਏ ਸਨ ਪਰੰਤੂ ਉਕਤ ਰਾਸ਼ੀ ਵਿਚੋਂ ਕੰਢੀ ਏਰੀਆ ਤਹਿਤ
ਪ੍ਰਵਾਨ ਹੋਈ 75 ਲੱਖ ਦੀ ਰਾਸ਼ੀ ਅਜੇ ਤਕ ਕਾਲਜ ਨੂੰ ਨਹੀਂ ਮਿਲੀ ਜਿਸ ਕਾਰਨ ਕਾਲਜ ਦੀ ਚਾਰ
ਦੀਵਾਰੀ, ਨਵਾਂ ਫ਼ਰਨੀਚਰ, ਜਨਰੇਟਰ, ਪੱਖੇ ਅਤੇ ਕੂਲਰ ਆਦਿ ਤੋਂ ਇਲਾਵਾ ਨਵੀਨੀਕਰਨ ਦਾ
ਕੰਮ ਵਿਚਾਲੇ ਲਟਕਿਆ ਹੋਇਆ ਹੈ।
ਪ੍ਰਿੰਸੀਪਲ ਸਾਧਨਾ ਸੰਗਰ ਨੇ ਦਸਿਆ ਕਿ ਇਸ ਵਰ੍ਹੇ
ਕਾਮਰਸ ਪ੍ਰੋਫ਼ੈਸ਼ਨਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਟੀਚਾ ਸੀ, ਜੋ ਇਮਾਰਤ
ਦੇ ਅਧੂਰੇ ਕੰਮ ਕਾਰਨ ਰਹਿ ਗਿਆ। ਉਨ੍ਹਾਂ ਸਰਕਾਰ ਨੂੰ ਫੰਡ ਜਾਰੀ ਕਰਨ ਲਈ ਪੱਤਰ ਵੀ
ਭੇਜਿਆ ਹੈ।