
ਐਸ.ਏ.ਐਸ. ਨਗਰ, 15 ਦਸੰਬਰ (ਗੁਰਮੁਖ ਵਾਲੀਆ) : ਬਾਊਂਸਰ ਅਮਿਤ ਸ਼ਰਮਾ ਉਰਫ਼ ਮੀਤ ਦਾ ਸਕੇਤੜੀ ਸ਼ਿਵ ਮੰਦਰ ਦੇ ਬਾਹਰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ਾ 'ਚ ਪੁਲਿਸ ਨੇ ਭਾਵੇਂ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਲਗਦਾ ਹੈ ਕਿ ਮੀਤ ਗਰੁੱਪ ਦੇ ਵਿਅਕਤੀ ਉਨ੍ਹਾਂ ਦੀ ਇਸ ਗ੍ਰਿਫ਼ਤਾਰੀ ਤੋਂ ਸੰਤੁਸ਼ਟ ਨਹੀਂ ਲੱਗ ਰਹੇ। ਅਪਣੀ ਇਸ ਨਾਰਾਜ਼ਗੀ ਨੂੰ ਮੀਤ ਗਰੁੱਪ ਦੇ ਵਿਅਕਤੀਆਂ ਨੇ ਫ਼ੇਸਬੁਕ 'ਤੇ ਲਾਈਵ ਹੋ ਕੇ ਇਕ ਗਾਣੇ ਰਾਹੀਂ ਉਸ ਨੂੰ ਜਾਹਰ ਕੀਤਾ ਹੈ ਅਤੇ ਵਿਰੋਧ ਧੜੇ ਦੇ ਵਿਅਕਤੀਆਂ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਕਦੇ ਵੀ ਮੀਤ ਦੀ ਮੌਤ ਦਾ ਬਦਲਾ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਰਾਤ ਕਰੀਬ ਸਾਢੇ 12 ਵਜੇ ਕੁਲਦੀਪ ਸਿੰਘ ਸਰਾਂ ਦੀ ਫ਼ੇਸਬੁਕ ਆਈਡੀ ਤੋਂ ਲਾਈਵ ਹੋ ਕੇ ਮੀਤ ਗਰੁੱਪ ਦੇ ਸਮਰਥਕਾਂ ਨੇ ਇਕ ਗਾਣਾ ਪੋਸਟ ਕੀਤਾ ਹੈ, ਜਿਸ ਵਿਚ ਗਾਣਾ ਸ਼ੁਰੂ ਹੋਣ ਤੋਂ ਪਹਿਲਾਂ ਮੀਤ ਨੂੰ ਸ਼ਰਧਾਂਜ਼ਲੀ ਦਿਤੀ ਗਈ। ਅਪਲੋਡ ਹੋਏ ਵੀਡੀÀ ਕਰਬੀ ਦੋ ਮਿੰਟ 20 ਸੈਕੰਡ ਦੀ ਬਣਾਈ ਗਈ ਹੈ ਜਿਸ ਵਿਚ ਤਿੰਨ ਲੋਕ ਨਜ਼ਰ ਆ ਰਹੇ ਹਨ ਜਦਕਿ ਗਾਣਾ ਗਾਉਣ ਵਾਲੇ ਨੌਜਵਾਨ ਨੂੰ ਸਾਹਮਣੇ ਨਹੀਂ ਕੀਤਾ ਗਿਆ ਹੈ ਜਿਸ ਦੀ ਸਿਰਫ਼ ਆਵਾਜ਼ ਸੁਣਾਈ ਦੇ ਰਹੀ ਹੈ। ਗਾਣੇ ਜ਼ਰੀਏ ਇਹ ਐਂਟੀ ਗਰੁੱਪ ਤਕ ਇਹ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਐਂਟੀ ਪਾਰਟੀ ਜਿੱਥੇ ਵੀ ਮਿਲੀ ਉੱਥੇ ਹੀ ਉਨ੍ਹਾਂ ਨੂੰ ਸਬਕ ਸਿਖਾਇਆ ਜਾਏਗਾ ਅਤੇ ਗਾਣੇ ਜ਼ਰੀਏ ਮੀਤ ਗਰੁੱਪ ਦੇ ਸੋਨੂੰ, ਰਾਣਾ ਅਤੇ ਕੁਲਦੀਪ ਤੋਂ ਬਚ ਕੇ ਰਹਿਣ ਦੀ ਗੱਲ ਕਹੀ ਗਈ ਹੈ। ਦੂਜੇ ਪਾਸੇ ਗਾਣੇ ਗਾਉਣ ਵਾਲੇ ਨੌਜਵਾਨ ਨੂੰ ਉਸ ਦੇ ਸਾਥੀ ਨਵੀਂ ਨਾਂ ਤੋਂ ਬੁਲਾਉਂਦੇ ਨਜ਼ਰ ਆ ਰਹੇ ਹਨ। ਇਸ ਧਮਕੀ ਭਰੇ ਗਾਣੇ ਦੀ ਬਣਾਈ ਗਈ ਵੀਡੀਉ ਵਿਚ ਪਿਸਟਲ ਦੇ ਨਾਲ-ਨਾਲ ਫ਼ਾਈਰ ਰਾਊਂਡ ਵੀ ਸਾਫ਼ ਤੌਰ 'ਤੇ ਵਖਾਈ ਦੇ ਰਹੇ ਹਨ। ਇਹ ਮੈਸੇਜ ਚਤਾਵਨੀ ਭਰਾ ਹੈ ਜਿਸ ਵਿਚ ਸਾਫ਼ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਬਾਊਂਸਰਾਂ ਦੇ ਇਨ੍ਹਾਂ ਧੜਿਆਂ ਵਿਚਕਾਰ ਕਦੇ ਵੀ ਭੇੜ ਹੋ ਸਕਦਾ ਹੈ।