
ਐਸ.ਏ.ਐਸ. ਨਗਰ, 19 ਸਤੰਬਰ (ਗੁਰਮੁਖ
ਵਾਲੀਆ): ਸਥਾਨਕ ਫੇਜ਼ 3 ਬੀ-2 ਦੀ ਮਾਰਕੀਟ ਵਿਚ ਅੱਜ ਵਿਦਿਆਰਥੀਆਂ ਦੇ ਇਕ ਗਰੁਪ ਵਲੋਂ
ਇਕ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ। ਦੁਪਹਿਰ ਪੌਣੇ 12 ਵਜੇ ਦੇ ਆਸ ਪਾਸ ਮਾਰਕੀਟ ਦੇ
ਪਿਛਲੇ ਪਾਸੇ ਇਕੱਠੇ ਹੋਏ ਇਨ੍ਹਾਂ ਨੌਜਵਾਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼
3ਬੀ-1 ਦੇ ਵਿਦਿਆਰਥੀ ਅੰਕਿਤ ਨਾਲ ਕੁੱਟਮਾਰ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਕਿਤ
ਨਾਮ ਦੇ ਇਸ ਨੌਜਵਾਨ ਦਾ ਮਾਰਕੀਟ ਦੇ ਪਿਛਲੇ ਪਾਸੇ ਇਹਨਾਂ ਨੌਜਵਾਨਾਂ ਨਾਲ ਝਗੜਾ ਹੋਇਆ
ਅਤੇ ਨੌਜਵਾਨਾਂ ਦੇ ਟੋਲੇ ਵਲੋਂ ਅੰਕਿਤ ਦੀ ਕੁੱਟਮਾਰ ਕਰਨ 'ਤੇ ਮਾਰਕੀਟ ਦੇ ਦੁਕਾਨਦਾਰਾਂ
ਨੇ ਇਕੱਠੇ ਹੋ ਕੇ ਇਸ ਨੌਜਵਾਨ ਨੂੰ ਬਚਾਇਆ। ਇਸ ਮੌਕੇ ਦੁਕਾਨਦਾਰਾਂ ਵਲੋਂ ਪੁਲਿਸ ਨੂੰ
ਸੱਦਿਆ ਗਿਆ ਅਤੇ ਕੁੱਟਮਾਰ ਕਰਨ ਵਾਲੇ ਨੌਜਵਾਨ ਮੌਕੇ ਤੋਂ ਫ਼ਰਾਰ ਹੋਣੇ ਸ਼ੁਰੂ ਹੋ ਗਏ।
ਮੌਕੇ 'ਤੇ ਪਹੁੰਚੀ ਪੀਸੀਆਰ ਦੀ ਟੀਮ ਵਲੋਂ ਇਕ ਮੋਟਰਸਾਈਕਲ (ਜਿਸ ਨਾਲ ਇਕ ਡੰਡਾ ਬੰਨਿਆ
ਹੋਇਆ ਸੀ) ਨੂੰ ਬਰਾਮਦ ਕੀਤਾ ਅਤੇ ਤਿੰਨ ਨੌਜਵਾਨਾਂ ਨੂੰ ਵੀ ਕਾਬੂ ਕਰ ਲਿਆ। ਪੀਸੀਆਰ ਦੀ
ਟੀਮ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਅਤੇ ਮੋਟਰਸਾਈਕਲ ਨੂੰ ਅਗਲੇਰੀ ਕਾਰਵਾਈ ਲਈ ਥਾਣਾ
ਮਟੌਰ ਭਿਜਵਾ ਦਿਤਾ ਗਿਆ।
ਇਥੇ ਇਹ ਜ਼ਿਕਰਯੋਗ ਹੈ ਕਿ ਫੇਜ਼ 3 ਬੀ-2 ਦੀ ਮਾਰਕੀਟ ਵਿੱਚ
ਨੌਜਵਾਨਾਂ ਦੇ ਗਰੁਪਾਂ ਵਿਚ ਲੜਾਈਆਂ ਹੋਣੀਆਂ ਆਮ ਹਨ ਅਤੇ ਇਸ ਸਬੰਧੀ ਮਾਰਕੀਟ ਦੇ
ਦੁਕਾਨਦਾਰਾਂ ਵਲੋਂ ਸਮੇਂ-ਸਮੇਂ 'ਤੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਜਾਂਦੀ ਹੈ। ਮਾਰਕੀਟ
ਦੀ ਵੈਲਫ਼ੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਤੋਂ
ਹੀ ਮਾਰਕੀਟ ਵਿਚ ਨੌਜਵਾਨ ਝੁੰਡ ਬਣਾ ਕੇ ਇਕੱਠੇ ਹੋ ਗਏ ਹਨ ਅਤੇ ਦੁਪਹਿਰ ਪੌਣੇ 12 ਵਜੇ
ਦੇ ਕਰੀਬ ਤਿੰਨ ਦਰਜਨ ਦੇ ਕਰੀਬ ਨੌਜਵਾਨ ਮਾਰਕੀਟ ਦੇ ਪਿਛੇ ਆ ਗਏ ਅਤੇ ਇਨ੍ਹਾਂ ਵਿਚ ਆਪਸੀ
ਬਹਿਸ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਇਨ੍ਹਾਂ ਨੇ ਇਕ ਨੌਜਵਾਨ ਦੀ ਕੁੱਟਮਾਰ ਕੀਤੀ। ਬਾਅਦ
ਵਿਚ ਪੁਲੀਸ ਦੇ ਆਉਣ 'ਤੇ ਇਹ ਨੌਜਵਾਨ ਮੌਕੇ ਤੋਂ ਖਿੰਡ ਗਏ ਅਤੇ ਪੁਲਿਸ ਨੇ ਇਕ
ਮੋਟਰਸਾਈਕਲ ਅਤੇ ਤਿੰਨ ਨੌਜਵਾਨ ਕਾਬੂ ਕੀਤੇ ਜਿਸ ਤੋਂ ਬਾਅਦ ਹੰਗਾਮਾ ਖ਼ਤਮ ਹੋਇਆ।
ਮਾਰਕੀਟ
ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਮਾਰਕੀਟ ਵਿਚ
ਹੁੰਦੀ ਹੁੱਲੜਬਾਜੀ ਦੀ ਇਸ ਕਾਰਵਾਈ 'ਤੇ ਰੋਕ ਲਗਾਉਣ ਲਈ ਜਿਥੇ ਪੁਲੀਸ ਗਸ਼ਤ ਵਧਾਈ ਜਾਵੇ
ਅਤੇ ਮਾਰਕੀਟ ਵਿਚ ਪੁਲੀਸ ਕਰਮਚਾਰੀਆਂ ਦੀ ਪੱਕੀ ਡਿਊਟੀ ਲਾਈ ਜਾਵੇ।