
ਚੰਡੀਗੜ੍ਹ, 16 ਦਸੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਸੈਨੇਟ ਦੀ ਅੱਜ ਹੋਈ ਮੀਟਿੰਗ ਵਿਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦ ਉਪ-ਕੁਲਪਤੀ ਪ੍ਰੋ. ਅਰੁਨ ਗਰੋਵਰ ਨੇ ਦਸਿਆ ਕਿ ਆਇਟਮ ਨੰਬਰ 38 ਵਾਪਸ ਲਈ ਜਾ ਰਹੀ ਹੈ। ਇਸ 'ਤੇ ਇਤਰਾਜ ਕਰਦਿਆਂ ਏ.ਐਸ. ਕਾਲਜ ਖੰਨਾ ਦੇ ਡਾ. ਕੇ.ਕੇ. ਸ਼ਰਮਾ ਅਤੇ ਪ੍ਰੋ. ਹਰਪ੍ਰੀਤ ਦੂਆ, ਅਸ਼ੋਕ ਗੋਇਲ, ਪ੍ਰੋ. ਕੇਸ਼ਵ ਮਲਹੋਤਰਾ ਸਮੇਤ ਕਈ ਮੈਂਬਰਾਂ ਨੇ ਦੋਸ਼ ਲਾਇਆ ਕਿ ਇਸ ਨੂੰ ਜਾਣ-ਬੁਧ ਕੇ ਵਾਪਸ ਲਿਆ ਗਿਆ ਹੈ। ਹੰਗਾਮੇ ਕਾਰਨ ਪ੍ਰੋ. ਗਰੋਵਰ ਦੋ ਵਾਰੀ ਮੀਟਿੰਗ ਵਿਚਾਲੇ ਛੱਡ ਕੇ ਬਾਹਰ ਗਏ। ਇਸ ਆਈਟਮ ਰਾਹੀਂ ਯੂਨੀਵਰਸਟੀ ਨੇ ਗ਼ੈਰ-ਸਰਕਾਰੀ ਕਾਲਜਾਂ ਵਿਚ ਪ੍ਰਿੰਸੀਪਲਾਂ ਨੂੰ 60 ਸਾਲ ਤੋਂ ਬਾਅਦ 65 ਸਾਲ ਤਕ ਨੌਕਰੀ ਕਰਨ ਦੀ ਇਜਾਜ਼ਤ ਦਿਤੀ ਹੋਈ ਹੈ। ਵਿਰੋਧ ਕਰਨ ਵਾਲਿਆਂ ਦਾ ਕਹਿਣ ਸੀ ਕਿ ਇਹ ਪੰਜਾਬ ਸਰਕਾਰ ਦੇ ਨਿਯਮਾਂ ਵਿਰੋਧ ਹੈ ਅਤੇ ਕਈ ਕਾਲਜਾਂ 'ਚ ਦੋ-ਦੋ ਪ੍ਰਿੰਸੀਪਲ ਕੰਮ ਕਰ ਰਹੇ ਹਨ। ਇਕ ਯੂਨੀਵਰਸਟੀ ਨਿਯਮਾਂ ਅਨੁਸਾਰ ਕੰਮ ਕਰਦਾ ਹੈ ਜਦਕਿ ਪੰਜਾਬ ਸਰਕਾਰ 60 ਸਾਲ ਤੋਂ ਬਾਅਦ ਅਜਿਹੇ ਪ੍ਰਿੰਸੀਪਲਾਂ ਨੂੰ ਪ੍ਰਵਾਨਗੀ ਨਹੀਂ ਦਿੰਦੀ। ਬਾਅਦ ਵਿਚ ਵੀ.ਸੀ. ਨੇ ਐਲਾਨ ਕੀਤਾ ਕਿ ਕਾਲਜਾਂ ਦੇ ਮਾਮਲਿਆਂ 'ਤੇ ਵਿਚਾਰ ਕਰਨ ਲਈ 7 ਜਨਵਰੀ ਨੂੰ ਵਿਸ਼ੇਸ਼ ਸੈਨੇਟ ਕੀਤੀ ਜਾ ਰਹੀ ਹੈ ਤਾਂ ਕਿਤੇ ਜਾ ਕੇ ਮਾਮਲਾ ਠੰਢਾ ਪਿਆ।
ਬਜਟ ਪ੍ਰਵਾਨ : ਸੈਨੇਟ ਨੇ ਵਿੱਤੀ ਬੋਰਡ ਦੀਆਂ ਸਿਫ਼ਾਰਸਾਂ ਨੂੰ ਪ੍ਰਵਾਨਗੀ ਦੇ ਦਿਤੀ। ਸਿੰਡੀਕੇਟ ਇਸ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਚੁਕੀ ਹੈ। ਪਾਸ ਕੀਤੇ ਬਜਟ ਅਨੁਸਾਰ ਸਾਲ 2018-19 ਲਈ 556.38 ਕਰੋੜ ਰੁਪਏ ਦੇ ਖ਼ਰਚ ਦਾ ਅਨੁਮਾਨ ਹੈ। ਕੇਂਦਰ ਸਰਕਾਰ 220.26 ਕਰੋੜ, ਪੰਜਾਬ ਸਰਕਾਰ 28.62 ਕਰੋੜ ਰੁਪਏ ਦੇਵੇਗੀ। ਯੂਨੀਵਰਸਟੀ ਅਪਣੇ ਸਾਧਨਾਂ ਤੋਂ 307.49 ਕਰੋੜ ਰੁਪਏ ਦੀ ਆਮਦਨੀ ਕਰੇਗੀ। 7ਵੇਂ ਤਨਖ਼ਾਹ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਲਈ 100.12 ਕਰੋੜ ਰੁਪਏ ਦਾ ਖ਼ਰਚਾ ਰਖਿਆ ਗਿਆ ਹੈ। ਸਕੇਲਾਂ ਸਬੰਧੀ ਜ਼ੋਰਦਾਰ ਚਰਚਾ : ਸੈਨੇਟ ਵਿਚ ਅਧਿਆਪਕਾਂ 'ਤੇ ਲਾਗੂ ਹੋਣ ਵਾਲੇ ਯੂ.ਜੀ.ਸੀ. ਸਕੇਲਾਂ ਸਬੰਧੀ ਜ਼ੋਰਦਾਰ ਚਰਚਾ ਹੋਈ ਕਿਉਂਕਿ ਪੰਜਾਬ ਯੂਨੀਵਰਸਟੀ ਦੇ ਮੁਲਾਜ਼ਮਾਂ ਨੂੰ ਇਹ ਤਨਖ਼ਾਹ ਸਕੇਲ ਤਾਂ ਹੀ ਮਿਲਣਗੇ ਜਦ ਪੰਜਾਬ ਸਰਕਾਰ ਅਪਣੇ ਮੁਲਾਜ਼ਮਾਂ ਲਈ ਇਹ ਸਕੇਲ ਲਾਗੂ ਕਰੇਗੀ। ਪ੍ਰੋ. ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਵਿਚ ਦੇਰੀ ਕਰ ਸਕਦੀ ਹੈ। ਯੂਨੀਵਰਸਟੀ ਲਈ ਕੇਂਦਰੀ ਦਰਜੇ ਦੀ ਮੰਗ ਰੱਖੀ ਜਾਵੇ। ਪੂਟਾ ਪ੍ਰਧਾਨ ਪ੍ਰੋ. ਰਜੇਸ਼ ਗਿੱਲ ਨੇ ਇਸੇ ਦੀ ਹਮਾਇਤ ਕੀਤੀ ਪਰ ਬਹੁਤੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਬਾਅਦ ਵਿਚ ਅਸ਼ਕੋ ਗੋਇਲ ਨੇ ਸੁਝਾਅ ਦਿਤਾ ਕਿ ਕੇਂਦਰ ਸਰਕਾਰ ਨੂੰ ਮਤਾ ਭੇਜਿਆ ਜਾਵੇ ਕਿ ਪੰਜਾਬ ਨਾਲ ਇਹ ਸਕੇਲ ਨਾ ਜੋੜੇ ਜਾਣ। ਇਸ 'ਤੇ ਵੀ.ਸੀ ਨੇ ਸਹਿਮਤੀ ਪ੍ਰਗਟ ਕੀਤੀ। ਪੀ.ਐਚ.ਡੀ./ਐਮ. ਫ਼ਿਲ 'ਤੇ ਚਰਚਾ : ਸੈਨੇਟ ਵਿਚ ਐਮ.ਫ਼ਿਲ ਅਤੇ ਪੀ.ਐਚ.ਡੀ. ਸਬੰਧੀ ਵੀ ਚਰਚਾ ਹੋਈ। ਕੁੱਝ ਮੈਂਬਰਾਂ ਦਾ ਕਹਿਣਾ ਸੀ ਕਿ ਐਮ.ਫ਼ਿਲ ਦੀ ਮੰਗ ਘੱਟ ਰਹੀ ਹੈ। ਪ੍ਰੋ. ਘੁੰਮਣ ਨੇ ਸੁਝਾਅ ਦਿਤਾ ਕਿ ਦੋਵੇਂ ਕੋਰਸ ਇਕੱਠੇ ਚਾਲੂ ਕੀਤੇ ਜਾਣ। ਪੰਜਾਬ ਯੂਨੀਵਰਸਟੀ ਨੇ ਮਹਿਲਾ ਅਧਿਐਨ ਬਾਰੇ ਪੀਜੀ ਡਿਪਲੋਮਾ ਮੁੜ ਸ਼ੁਰੂ ਕਰਨ ਦੀ ਆਗਿਆ ਦੇ ਦਿਤੀ। 15 ਸੀਟਾਂ ਵਾਲਾ ਇਹ ਕੋਰਸ ਅਗਲੇ ਵਰ੍ਹੇ ਸ਼ੁਰੂ ਹੋ ਜਾਵੇਗਾ।