
ਚੰਡੀਗੜ੍ਹ,
16 ਸਤੰਬਰ (ਸਰਬਜੀਤ) : ਗੌਰਮਿੰਟ ਮੈਡੀਕਲ ਕਾਲਜ ਕਮ ਹਸਪਤਾਲ ਸੈਕਟਰ-32 ਨੂੰ ਮੈਡੀਕਲ
ਯੂਨੀਵਰਸਟੀ ਦਾ ਦਰਜਾ ਦਿਵਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਕਮਰਕਸਾ ਕੱਸ ਲਿਆ ਹੈ।
ਪੀ.ਜੀ.ਆਈ. ਤੋਂ ਬਾਅਦ ਇਸ ਗੌਰਮਿੰਟ ਮੈਡੀਕਲ ਕਾਲਜ ਨੂੰ ਉੱਚ ਪਧਰੀ ਮੈਡੀਕਲ ਸਿਖਿਆ
ਸੰਸਥਾ ਦੇ ਖੇਤਰ ਵਿਚ ਵਿਕਸਤ ਕੀਤਾ ਜਾਵੇਗਾ, ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪਿਛਲੇ
ਸਾਲ ਪ੍ਰਿੰਸੀਪਲ-ਕਮ-ਡਾਇਰੈਕਟਰ ਪ੍ਰੋ. ਅਤੁਲ ਸਚਦੇਵਾ ਦੀ ਅਗਵਾਈ ਵਿਚ ਬਣਾਈ ਗਈ ਵਿਸ਼ੇਸ਼
ਕਮੇਟੀ ਨੇ ਅਪਣੀ ਰੀਪੋਰਟ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਅਤੇ ਸਿਹਤ ਸਕੱਤਰ ਅਨੁਰਾਗ
ਅਗਰਵਾਲ ਨੂੰ ਸੌਂਪ ਦਿਤੀ ਹੈ।
ਪਤਾ ਲੱਗਾ ਹੈ ਕਿ ਰੀਪੋਰਟ ਕੇਂਦਰੀ ਸਿਹਤ ਮੰਤਰਾਲੇ
ਨੂੰ ਲੋੜੀਂਦੀ ਕਾਰਵਾਈ ਲਈ ਭੇਜ ਦਿਤੀ ਗਈ ਹੈ। ਜੇ ਇਸ ਮੈਡੀਕਲ ਕਾਲਜ ਨੂੰ ਮੈਡੀਕਲ
ਯੂਨੀਵਰਸਟੀ ਦਾ ਦਰਜਾ ਮਿਲ ਜਾਂਦਾ ਹੈ ਤਾਂ ਇਥੇ ਕਈ ਸੁਪਰ ਸਪੈਸਲਿਟੀ ਵਿਭਾਗ ਸਥਾਪਤ ਹੋ
ਸਕਣਗੇ ਅਤੇ ਇਸ ਦੇ ਨਾਲ ਹੀ ਪੋਸਟ ਗਰੈਜੂਏਸ਼ਨ ਕੋਰਸ ਵੀ ਚਾਲੂ ਕੀਤੇ ਜਾ ਸਕਣਗੇ, ਜਿਸ ਨਾਲ
ਮਰੀਜ਼ਾਂ ਨੂੰ ਇਲਾਜ ਲਈ ਵਧੇਰੇ ਸਹੂਲਤਾਂ ਮਿਲ ਸਕਣਗੀਆਂ।
ਸਪੋਕਸਮੈਨ ਨੂੰ ਅੱਜ
ਸਰਕਾਰੀ ਬੁਲਾਰੇ ਨੇ ਦਸਿਆ ਕਿ ਚੰਡੀਗੜ੍ਹ ਦੀ ਆਬਾਦੀ ਪਿਛਲੇ ਸਮੇਂ ਤੋਂ ਬਹੁਤ ਵਧ ਗਈ ਹੈ
ਜਿਸ ਕਰ ਕੇ ਇਸ ਸ਼ਹਿਰ ਵਿਚ ਹੋਰ ਮੈਡੀਕਲ ਸਹੂਲਤਾਂ ਮੁਹਈਆ ਕਰਵਾਉਣੀਆਂ ਜ਼ਰੂਰੀ ਹਨ। ਉਸ ਨੇ
ਕਿਹਾ ਕਿ ਚੰਡੀਗੜ੍ਹ ਦੇ ਹਸਪਤਾਲਾਂ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਵੀ ਬਹੁਤ
ਸਾਰੇ ਮਰੀਜ਼ ਇਲਾਜ ਲਈ ਆਉਂਦੇ ਹਨ। ਇਸ ਕਰ ਕੇ ਇਥੇ ਸਰਕਾਰੀ ਹਸਪਤਾਲਾਂ 'ਤੇ ਬਹੁਤ ਸਾਰਾ
ਦਬਾਅ ਬਣਿਆ ਰਹਿੰਦਾ ਹੈ।