
ਚੰਡੀਗੜ੍ਹ, 18 ਦਸੰਬਰ 2017 (ਸਰਬਜੀਤ ਢਿੱਲੋਂ) : ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਜਿੱਤ ਮਗਰੋਂ ਚੰਡੀਗੜ੍ਹ ਇਕਾਈ ਦੇ ਆਗੂਆਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਸੈਕਟਰ 33 ਦੇ ਭਾਜਪਾ ਦੇ ਸਟੇਟ ਦਫ਼ਤਰ 'ਚ ਪਾਰਟੀ ਪ੍ਰਧਾਨ ਸੰਜੇ ਟੰਡਨ ਦੀ ਅਗਵਾਈ 'ਚ ਮੇਅਰ ਆਸ਼ਾ ਜੈਸਵਾਲ, ਪਾਰਟੀ ਦੇ ਚੁਣੇ ਹੋਏ ਕੌਂਸਲਰਾਂ ਅਤੇ ਸੀਨੀਅਰ ਆਗੂਆਂ ਨੇ ਪਾਰਟੀ ਵਰਕਰਾਂ ਨਾਲ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ ਅਤੇ ਭੰਗੜੇ ਪਾਏ ਗਏ।
ਸ੍ਰੀ ਸੰਜੇ ਟੰਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਿਮਾਚਲ ਪ੍ਰਦੇਸ਼ 'ਚ ਲੋਕਾਂ ਨੇ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਨੂੰ ਹਰਾ ਕੇ ਭਾਜਪਾ ਨੂੰ ਮੁੜ ਸੱਤਾ ਸੌਂਪੀ ਹੈ ਜਦਕਿ ਗੁਜਰਾਤ 'ਚ ਭਾਜਪਾ ਲਗਾਤਾਰ ਚੌਥੀ ਵਾਰ ਜਿੱਤ ਪ੍ਰਾਪਤ ਕਰ ਕੇ ਸੱਤਾ 'ਚ ਪੁਜੀ ਹੈ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਲੋਕਾਂ ਨੇ ਵਿਕਾਸ ਦੇ ਨਾਮ 'ਤੇ ਵੋਟਾਂ ਪਾ ਕੇ ਭਾਜਪਾ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ। ਉਨ੍ਹਾਂ ਦੋਵਾਂ ਰਾਜਾਂ ਦੇ ਵੋਟਰਾਂ ਅਤੇ ਭਾਜਪਾ ਵਰਕਰਾਂ ਨੂੰ ਜਿੱਤ ਲਈ ਧਨਵਾਦ ਕੀਤਾ।