
ਚੰਡੀਗੜ੍ਹ, 16 ਜਨਵਰੀ (ਸਰਬਜੀਤ ਢਿੱਲੋਂ): ਸੋਹਣੇ ਸ਼ਹਿਰ ਚੰਡੀਗੜ੍ਹ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਅਤੇ ਵੱਧ ਤੋਂ ਵੱਧ ਗਰੀਨ ਸਿਟੀ ਵਜੋਂ ਵਿਕਸਤ ਕਰਨ ਲਈ ਇੰਡੀਅਨ ਆਇਲ ਕੰਪਨੀ ਵਲੋਂ ਸੈਕਟਰ-17 ਦੇ ਪਟਰੌਲ ਪੰਪ ਤੋਂ ਸੀ.ਐਨ.ਜੀ. ਗੈਸ ਸਪਲਾਈ ਕਰਨੀ ਸ਼ੁਰੂ ਕਰ ਦਿਤੀ ਹੈ। ਇਹ ਪ੍ਰਾਜੈਕਟ ਇੰਡੀਅਨ ਆਇਲ ਤੇ ਅੰਦਾਨੀ ਗੈਸ ਲਿਮ: ਗਰੁੱਪ ਦਾ ਸਾਂਝਾ ਪ੍ਰਾਜੈਕਟ ਹੈ। ਇਸ ਪਟਰੌਲ ਪੰਪ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੀਤਾ। ਚੰਡੀਗੜ੍ਹ 'ਚ 18 ਜਨਵਰੀ ਤੋਂ ਸੈਕਟਰ-37 ਦੇ ਪਟਰੌਲ ਪੰਪ ਤੋਂ ਵੀ ਸੀ.ਐਨ.ਜੀ. ਗੈਸ ਮਿਲਣੀ ਸ਼ੁਰੂ ਹੋ ਜਾਵੇਗੀ। ਸੈਕਟਰ-17 'ਚ ਇਹ ਚੰਡੀਗੜ੍ਹ ਦਾ ਪਹਿਲਾ ਸੀ.ਐਨ.ਜੀ. ਗੈਸ ਵਾਲਾ ਪੰਪ ਬਣ ਗਿਆ ਹੈ। ਇੰਡੀਅਨ ਆਇਲ ਕੰਪਨੀ ਵਲੋਂ ਸ਼ਹਿਰ ਵਿਚ ਕੁਲ ਸੱਤ ਪੰਪ ਖੋਲ੍ਹੇ ਜਾਣ ਲਈ ਵਿਚਾਰ ਕੀਤਾ ਜਾ ਰਿਹਾ ਹੈ।
ਸ਼ਹਿਰ ਵਿਚ 46 ਰੁਪਏ ਕਿਲੋ ਮਿਲੇਗੀ ਗੈਸ : ਸੈਕਟਰ-17 ਦੇ ਇੰਡੀਅਨ ਆਇਲ ਕੰਪਨੀ ਦੇ ਪਟਰੌਲ ਪੰਚ ਦੇ ਮੈਨੇਜਰ ਨੇ ਦਸਿਆ ਕਿ ਸ਼ਹਿਰ ਵਿਚ ਸੀ.ਐਨ.ਜੀ. ਵਾਲੇ ਆਟੋ ਤੇ ਟੈਕਸੀਆਂ ਨੂੰ ਇਸ ਪਟਰੌਲ ਪੰਪ 'ਤੇ 46.25 ਰੁਪਏ ਦੇ ਹਿਸਾਬ ਨਾਲ ਸੀ.ਐਨ.ਜੀ. ਗੈਸ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਗੈਸ ਪਟਰੌਲ ਨਾਲੋਂ ਕਿਤੇ ਸਸਤੀ ਪੈਂਦੀ ਹੈ। ਉਨ੍ਹਾਂ ਕਿਹਾ ਅੰਦਾਜ਼ੇ ਨਾਲ 500 ਰੁਪਏ ਦੀ ਗੈਸ ਨਾਲ 450 ਦੇ ਕਰੀਬ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਚੰਡੀਗੜ੍ਹ 'ਚ 5 ਹਜ਼ਾਰ ਤੋਂ ਵੱਧ ਹਨ ਸੀ.ਐਨ.ਜੀ. ਵਾਹਨ: ਚੰਡੀਗੜ੍ਹ ਪ੍ਰਸ਼ਾਸਨ ਕੋਲ ਰਜਿਸਟਰਡ 5 ਹਜ਼ਾਰ ਦੇ ਕਰੀਬ ਸੀ.ਐਨ.ਜੀ. ਗੈਸ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਤੇ ਟੈਕਸੀਆਂ ਹਨ ਜਦਕਿ ਬਾਹਰਲੇ ਸੂਬਿਆਂ ਤੋਂ ਰਜਿਸਟਰਡ ਵਾਹਨ ਵੀ ਚੰਡੀਗੜ੍ਹ ਸੈਂਕੜਿਆਂ ਦੀ ਗਿਣਤੀ ਵਿਚ ਪੁਜਦੇ ਹਨ।