
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ ਦੇਸ਼ ਦੇ ਕਈ ਰਾਜਾਂ ਵਿਚ ਸਰਗਰਮ ਅਜਿਹੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ ਜੋ ਲੋਕਾਂ ਦੇ ਜਾਅਲੀ ਦਸਤਾਵੇਜ਼ ਬਣਾ ਕੇ ਮੋਬਾਈਲ ਫ਼ਾਈਨਾਂਸ ਕਰਵਾਉਂਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਮੋਬਾਈਲ ਫ਼ੋਨਾਂ ਨੂੰ ਮਾਰਕੀਟ ਵਿਚ ਸਸਤੇ ਰੇਟ 'ਤੇ ਵੇਚ ਦਿੰਦੇ ਸਨ। ਅਜਿਹਾ ਕੰਮ ਕਰ ਕੇ ਉਨ੍ਹਾਂ ਕਈ ਬੈਂਕਾਂ ਅਤੇ ਫ਼ਾਈਨਾਂਸ ਕੰਪਨੀਆਂ ਨਾਲ ਕਰੋੜਾਂ ਰੁਪਏ ਦੀ ਠੱਗੀ ਤਾਂ ਕੀਤੀ ਹੀ ਹੈ। ਬਲਕਿ ਉਨ੍ਹਾਂ ਲੋਕਾਂ ਨਾਲ ਵੀ ਧੌਖਾ ਹੋਇਆ ਹੈ ਜਿਨ੍ਹਾਂ ਨੂੰ ਹਾਲੇ ਤਕ ਇਹ ਨਹੀਂ ਪਤਾ ਹੈ ਕਿ ਉਨ੍ਹਾਂ ਦੇ ਦਸਤਾਵੇਜ਼ਾਂ ਦੇ ਸਿਰ 'ਤੇ ਉਨ੍ਹਾਂ ਦੇ ਕੋਈ ਲੋਨ ਵੀ ਚੱਲ ਰਹੇ ਹਨ।
ਪੁਲਿਸ ਨੇ ਪਹਿਲਾਂ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਬਾਕੀ ਤਿੰਨ ਮੈਂਬਰਾਂ ਨੂੰ ਵੀ ਕਾਬੂ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਜਹੇੜੀ ਵਾਸੀ ਅਸ਼ਿਸ਼ ਕੁਮਾਰ, ਕੈਥਲ ਵਾਸੀ ਵਿਸ਼ਾਲ ਸਹਿਗਲ, ਪੰਚਕੂਲਾ ਵਾਸੀ ਸ਼ਕਤੀ ਸਿੰਘ, ਮੋਹਾਲੀ ਵਾਸੀ ਸੰਜੀਵ ਕੁਮਾਰ, ਉਨ੍ਹਾਂ ਵਾਸੀ ਅਮਿਤ ਕਟਿਆਲ, ਮੋਹਾਲੀ ਵਾਸੀ ਕਪਿਲ ਢੀਂਗਰਾ ਅਤੇ ਮੋਹਾਲੀ ਵਾਸੀ ਬਲਦੇਵ ਸਿੰਘ ਦੇ ਰੂਪ ਵਿਚ ਹੋਈ ਹੈ।
ਪੁਲਿਸ ਨੇ ਦਸਿਆ ਕਿ ਫੜੇ ਗਏ ਮੁਲਜ਼ਮਾਂ ਵਿਚੋਂ ਦੋ ਮੈਂਬਰ ਐਚ.ਡੀ.ਐਫ਼.ਸੀ. ਬੈਂਕ ਵਿਚ ਕੰਮ ਕਰਦੇ ਸਨ। ਇਹ ਦੋਵੇਂ ਹੀ ਬੈਂਕ ਤੋਂ ਡਾਟਾ ਇਕੱਠਾ ਕਰਦੇ ਸਨ ਅਤੇ ਦਸਤਾਵੇਜ ਚੋਰੀ ਕਰ ਕੇ ਗਰੋਹ ਦੇ ਦੂਜੇ ਮੈਂਬਰਾਂ ਨੂੰ ਦਿੰਦੇ ਸਨ। ਇਸ ਤੋਂ ਬਾਅਦ ਗਰੋਹ ਦੇ ਮੈਂਬਰ ਇਨ੍ਹਾਂ ਕਾਗ਼ਜ਼ਾਂ ਦੇ ਸਹਾਰੇ ਮੋਬਾਈਲ ਲੋਨ ਲੈ ਲੈਂਦੇ ਸਨ ਅਤੇ ਮੋਬਾਈਲ ਨੂੰ ਮਾਰਕੀਟ ਵਿਚ ਵੇਚ ਦਿੰਦੇ ਸਨ। ਬਜਾਜ ਫ਼ਾਈਨਾਂਸ, ਕੈਪੀਟਲ ਫ਼ਾਈਨਾਂਸ, ਐਚ. ਡੀ. ਐਫ਼. ਸੀ. ਬੈਂਕ ਤੋਂ ਅਜਿਹਾ ਕਰ ਕੇ ਕੋਰੜਾਂ ਦਾ ਲੋਨ ਲਿਆ ਹੈ ਜਿਸ ਨਾਲ ਕੰਪਨੀਆਂ ਨੂੰ ਵੱਡਾ ਨੁਕਸਾਨ ਵੀ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨਾਲ ਵੀ ਠੱਗੀ ਹੋਈ ਹੈ। ਜਿਨ੍ਹਾਂ ਦੇ ਦਸਤਵੇਜਾਂ ਨਾਲ ਲੋਨ ਲਿਆ ਗਿਆ ਹੈ ਕਿਉਂਕਿ ਅਜਿਹੇ ਲੋਕਾਂ ਨੂੰ ਹਾਲੇ ਤਕ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਕਾਗ਼ਜ਼ਾਂ 'ਤੇ ਕੋਈ ਲੋਨ ਵੀ ਚੱਲ ਰਹੇ ਹਨ।