
ਚੰਡੀਗੜ੍ਹ, 14 ਅਕਤੂਬਰ (ਸਰਬਜੀਤ ਢਿੱਲੋਂ) : ਕੇਰਲਾ 'ਚ ਜਨਸੰਘ ਤੇ ਭਾਜਪਾ ਵਰਕਰਾਂ ਦੀਆਂ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਐਮ) ਦੇ ਨੇਤਾਵਾਂ ਵਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਹਤਿਆਵਾਂ ਵਿਰੁਧ ਰੋਸ ਪ੍ਰਗਟ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੰਜੇ ਟੰਡਨ ਦੀ ਅਗਵਾਈ ਵਿਚ ਭਾਰੀ ਰੋਸ ਮਾਰਚ ਕਢਿਆ ਗਿਆ। ਇਹ ਰੋਸ ਯਾਤਰਾ ਸੀ.ਪੀ.ਆਈ (ਐਮ) ਦੇ ਚੰਡੀਗੜ੍ਹ ਸਥਿਤ ਸੈਕਟਰ-30 ਵਿਚਲੇ ਦਫ਼ਤਰ ਤਕ ਪੁੱਜੀ। ਇਸ ਵਿਚ ਚੰਡੀਗੜ੍ਹ ਭਾਜਪਾ ਦੇ ਸੀਨੀਅਰ ਨੇਤਾ ਤੋਂ ਇਲਾਵਾ ਪੰਚਕੂਲਾ ਦੇ ਵਿਧਾਇਕ ਅਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਗਿਆਨ ਚੰਦ ਗੁਪਤਾ, ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ, ਚੰਡੀਗੜ੍ਹ ਭਾਜਪਾ ਦੇ ਜਨਰਲ ਸਕੱਤਰ ਚੰਦਰ ਸ਼ੇਖ਼ਰ ਤੋਂ ਇਲਾਵਾ ਪਾਰਟੀ ਦੇ ਕੌਂਸਲਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਹ ਰੋਸ ਯਾਤਰਾ ਸੇਵਾ ਧਾਮ ਤੋਂ ਸ਼ੁਰੂ ਹੋ ਕੇ ਸੈਕਟਰ-30 ਵਿਚ ਪੁੱਜੀ ਸੀ। ਇਸ ਮੌਕੇ ਭਾਜਪਾ ਨੇਤਾਵਾਂ ਨੇ ਹੱਥਾਂ ਵਿਚ ਪਾਰਟੀ ਦੇ ਬੈਨਰ ਫੜ ਕੇ ਕੇਰਲਾ ਵਿਚਲੀ ਕਮਿਊਨਿਸਟ ਪਾਰਟੀ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ।
ਇਸ ਮੌਕੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਭਾਜਪਾ ਵਰਕਰਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਈਆਂ ਨੂੰ ਸੱਟਾਂ ਵੀ ਲੱਗੀਆ। ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਕਿ ਕੇਰਲਾ ਵਿਚ ਜੋ ਹਤਿਆਵਾਂ ਹੋ ਰਹੀਆਂ ਹਨ, ਉਹ ਸਾਰਾ ਕੁੱਝ ਕਮਿਊਨਿਸਟ ਪਾਰਟੀ ਵਲੋਂ ਇਕ ਸਾਜ਼ਸ਼ ਅਧੀਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਚੜ੍ਹਤ ਨੂੰ ਵੇਖ ਕੇ ਸੀ.ਪੀ.ਆਈ. (ਐਮ) ਬੌਖ਼ਲਾਹਟ ਵਿਚ ਆ ਗਈ ਹੈ ਅਤੇ ਨਿਰਦੋਸ਼ ਲੋਕਾਂ ਦੀਆਂ ਹਤਿਆਵਾਂ ਕਰਨ ਲੱਗ ਪਈ ਹੈ। ਟੰਡਨ ਨੇ ਕਿਹਾ ਕਿ ਜੇ ਵਰਕਰਾਂ ਦੀਆਂ ਹਤਿਆਵਾਂ ਨਾ ਰੋਕੀਆਂ ਤਾਂ ਉਹ ਇਸ ਸਬੰਧੀ ਦੇਸ਼ ਭਰ ਵਿਚ ਇਕ ਅੰਦੋਲਨ ਦੇ ਰੂਪ ਵਿਚ ਲੜਾਈ ਸ਼ੁਰੂ ਕਰਨਗੇ। ਸੁਭਾਸ਼ ਬਰਾਲਾ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਵਲੋਂ ਜੋ ਹਤਿਆਵਾਂ ਹੋ ਰਹੀਆਂ ਹਨ, ਉਹ ਬਹੁਤ ਹੀ ਨਿੰਦਣਯੋਗ ਹਨ। ਪਾਰਟੀ ਵਰਕਰਾਂ ਨੇ ਇਨ੍ਹਾਂ ਹਤਿਆਵਾਂ ਵਿਰੁਧ ਲੰਮੀ ਲੜਾਈ ਲੜਨ ਦਾ ਅਹਿਦ ਵੀ ਕੀਤੀ।