
ਲੜਕੀਆਂ ਨਾਲ ਛੇੜਛਾੜ ਦੀ ਹਫ਼ਤੇ 'ਚ ਪੰਜਵੀਂ ਘਟਨਾ
ਤਿੰਨ ਨੌਜਵਾਨਾਂ ਨੇ ਕੁੱਟਮਾਰ ਕਰ ਕੇ ਲੁਟ-ਖੋਹ ਦੀ ਕੀਤੀ ਕੋਸ਼ਿਸ਼
ਚੰਡੀਗੜ੍ਹ, 22 ਦਸੰਬਰ (ਤਰੁਣ ਭਜਨੀ) : ਸ਼ਹਿਰ 'ਚ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਤੋਂ ਇਕ ਗੱਲ ਸਾਫ਼ ਹੈ ਕਿ ਸ਼ਹਿਰ ਚ ਰਾਤ ਦ ਸਮੇਂ ਔਰਤਾਂ ਬਿਲਕੁਲ ਵੀ ਸੁਰੱਖਿਅਤ ਨਹੀ ਹਨ। ਬੀਤੇ ਸਮੇਂ ਔਰਤਾਂ ਨਾਲ ਹੋਈ ਬਲਾਤਕਾਰ ਅਤੇ ਛੇੜਛਾੜ ਦੀ ਜ਼ਿਆਦਾਤਰ ਘਟਨਾਵਾਂ ਰਾਤ ਦੇ ਸਮੇਂ ਵਾਪਰੀਆਂ ਹਨ। ਪੁਲਿਸ ਵੀ ਇਨ੍ਹਾ ਲੋਕਾਂ ਵਿਰੁਧ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਨਾ ਤਾਂ ਲੋਕਾਂ ਨੂੰ ਸ਼ਰਮ ਆ ਰਹੀ ਹੈ ਅਤੇ ਨਾ ਹੀ ਉਨ੍ਹਾਂ ਵਿਚ ਪੁਲਿਸ ਦਾ ਕੋਈ ਖੌਫ਼ ਨਜ਼ਰ ਆ ਰਿਹਾ ਹੈ। ਨਵਾਂ ਮਾਮਲਾ ਸੈਕਟਰ 43 ਬੱਸ ਅੱਡੇ ਨੇੜੇ ਵੀਰਵਾਰ ਦੇਰ ਰਾਤ ਦਾ ਹੈ। ਜਿਥੇ ਐਕਟਿਵਾ 'ਤੇ ਜਾ ਰਹੀ ਇਕ ਮੁਟਿਆਰ ਦਾ ਰਸਤਾ ਰੋਕ ਕੇ ਉਸ ਨਾਲ ਛੇੜਛਾੜ ਕਰਨ, ਕੁੱਟਮਾਰ ਕਰਨ ਤੋਂ ਇਲਾਵਾ ਲੁਟਣ ਦੀ ਕੋਸ਼ਿਸ਼ ਵੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਡੱਡੂਮਾਜਰਾ ਵਾਸੀ ਸੰਜੇ ਅਤੇ ਮਲੋਆ ਵਾਸੀ ਮੋਨੂੰ ਅਤੇ ਅਜੇ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਅਨੁਸਾਰ ਦੇਰ ਰਾਤ 12 ਵਜੇ ਮੋਹਾਲੀ ਵਾਸੀ ਇਕ ਮੁਟਿਆਰ ਅਪਣੇ ਕਿਸੇ ਜਾਣਕਾਰ ਨੂੰ ਸੈਕਟਰ 43 ਦੇ ਬੱਸ ਅੱਡੇ 'ਤੇ ਛੱਡਣ ਤੋਂ ਬਾਅਦ ਐਕਟਿਵਾ 'ਤੇ ਘਰ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਪਿਛਾ ਸ਼ੁਰੂ ਕਰ ਦਿਤਾ ਅਤੇ ਥੋੜ੍ਹੀ ਦੂਰ ਜਾ ਕੇ ਐਕਟਿਵਾ ਦੇ ਅੱਗੇ ਮੋਟਰਸਾਈਕਲ ਲਗਾ ਕੇ ਉਸ ਨੂੰ ਰੋਕ ਲਿਆ ਤੇ ਮੁਟਿਆਰ ਨਾਲ ਬਦਸਲੂਕੀ ਕਰਦੇ ਹੋਏ ਉਸ ਦੀ ਕੁੱਟਮਾਰ ਕੀਤੀ। ਨੌਜਵਾਨਾਂ ਨੇ ਲੜਕੀ ਨੂੰ ਲੁਟਣ ਦੀ ਕੋਸ਼ਿਸ਼ ਵੀ ਕੀਤੀ। ਪਰ ਮੁਟਿਆਰ ਨੇ ਮੌਕੇ 'ਤੇ ਰੋਲਾ ਮਚਾ ਦਿਤਾ, ਜਿਸ 'ਤੇ ਉਥੇ ਲੋਕ ਇਕਠੇ ਹੋ ਗਏ, ਜਿਨ੍ਹਾਂ ਨੇ ਮੌਕੇ 'ਤੇ ਇਕ ਨੌਜਵਾਨ ਨੂੰ ਫੜ ਲਿਆ, ਜਦਕਿ ਦੋ ਨੌਜਵਾਨ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਕੰਟਰੋਲ ਰੂਮ ਨੂੰ ਘਟਨਾ ਦੀ ਸੂਚਨਾ ਦਿਤੀ ਗਈ, ਜਿਸ ਦੇ ਬਾਅਦ ਸੈਕਟਰ 36 ਥਾਣਾ ਪੁਲਿਸ ਨੇ ਲੜਕੀ ਦੇ ਬਿਆਨ ਦਰਜ ਕਰਨ ਉਪਰੰਤ ਅੱਜ ਸਵੇਰੇ ਬਾਕੀ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦਸਿਆ ਕਿ ਤਿੰਨੇ ਮੁਲਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ, ਜਿਨ੍ਹਾਂ ਵਿਚੋਂ ਦੋ ਨੌਜਵਾਨ ਸਫ਼ਾਈ ਕਰਮਚਾਰੀ ਹਨ ਅਤੇ ਇਕ ਵਿਹਲਾ ਹੈ।