
ਚੰਡੀਗੜ੍ਹ, 11 ਅਕਤੂਬਰ (ਸਰਬਜੀਤ ਢਿੱਲੋਂ): ਰੌਸ਼ਨੀਆਂ ਦੇ ਤਿਉਹਾਰ ਵਜੋਂ ਜਾਣੇ ਜਾਂਦੇ ਦੀਵਾਲੀ ਦੇ ਤਿਉਹਾਰ 'ਤੇ ਸ਼ਹਿਰ ਵਿਚ ਲੱਖਾਂ ਲੋਕਾਂ ਦੇ ਘਰਾਂ ਨੂੰ ਰੁਸਨਾਉਣ ਵਾਲੇ ਅਤੇ ਦੀਵਿਆਂ ਨੂੰ ਬਣਾਉਣ ਵਾਲੇ ਗ਼ਰੀਬ ਮਜ਼ਦੂਰਾਂ ਦੇ ਘਰਾਂ ਵਿਚ ਹਮੇਸ਼ਾ ਗ਼ਰੀਬ ਅਤੇ ਬੇਵੱਸੀ ਦਾ ਹਨੇਰਾ ਹੀ ਛਾਇਆ ਰਹਿੰਦਾ ਹੈ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਆਰਥਕ ਤੰਗੀ 'ਚੋਂ ਬਾਹਰ ਕੱਢਣ ਲਈ ਕੋਈ ਸੁਹਿਰਦ ਯਤਨ ਨਹੀਂ ਕੀਤੇ। ਸਿਰਫ਼ ਦੀਵਾਲੀ ਦੇ ਦਿਨਾਂ ਵਿਚ ਹੀ ਇਨ੍ਹਾਂ ਗ਼ਰੀਬ ਘੁਮਿਆਰਾਂ ਦੇ ਘਰਾਂ ਵਿਚ ਮਾਮੂਲੀ ਖ਼ੁਸ਼ੀਆਂ ਪੁਜਦੀਆਂ ਹਨ ਜੋ ਕਈ-ਕਈ ਮਹੀਨਿਆਂ ਦੀ ਸਖ਼ਤ ਘਾਲਣਾ ਕਰਨ ਤੋਂ ਬਾਅਦ ਕੁੱਝ ਪੈਸੇ ਪੱਲੇ ਪੈਂਦੇ ਹਨ ਜਿਸ ਨਾਲ ਉਹ ਸਾਲ ਭਰ ਅਪਣੇ ਪਰਵਾਰ ਦਾ ਪੇਟ ਪਾਲਦੇ ਹਨ। ਸਹੂਲਤਾਂ ਤੋਂ ਸਖਣੇ ਉਨ੍ਹਾਂ ਦੇ ਮੁਹੱਲੇ ਅੱਜ ਵੀ ਪੂਰੀ ਤਰ੍ਹਾਂ ਨਾਦਾਰਦ ਹੋ ਰਹੇ ਹਨ। ਪੰਜ ਪੀੜ੍ਹੀਆਂ ਤੋਂ ਮਲੋਆ 'ਚ ਬਣਾ ਰਹੇ ਹਨ ਦੀਵੇ :
ਘੁਮਿਆਰ ਕਾਲੋਨੀ ਪਿੰਡ ਮਲੋਆ (ਯੂ.ਟੀ.) ਵਿਚ ਪ੍ਰਵੀਨ ਕੁਮਾਰ ਬਿੱਜੂ (25) ਦਾ ਪਰਵਾਰ ਪਿਛਲੀਆਂ ਪੰਜ ਪੀੜ੍ਹੀਆਂ ਤੋਂ ਅਪਣੇ 5-6 ਪਰਵਾਰਕ ਜੀਆਂ ਨਾਂਲ ਬੜੀ ਮਿਹਨਤ ਨਾਲ ਮਿੱਟੀ ਦੇ ਰੰਗਦਾਰ ਦੀਵੇ, ਬਰਤਨ, ਗਮਲੇ ਅਤੇ ਹੋਰ ਸਾਜੋ-ਸਾਮਾਨ ਤਿਆਰ ਕਰਦੇ ਆਰ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਕ ਵੱਡਾ ਦੀਵਾ 60 ਰੁਪਏ ਦਾ ਵਿਕਦਾ ਹੈ। ਉਨ੍ਹਾਂ ਦਾ ਪਰਵਾਰ 2-3 ਮਹੀਨੇ ਲਗਾਤਾਰ ਮਿਹਨਤ ਕਰ ਕੇ 500 ਦੇ ਕਰੀਬ ਦੀਵੇ ਵੇਚ ਕੇ 25-30 ਹਜ਼ਾਰ ਰੁਪਏ ਦੀ ਮਕਾਈ ਕਰਦਾ ਹੈ ਜਿਸ ਨਾਲ ਉਨ੍ਹਾਂ ਦਾ ਪਰਵਾਰ ਸਾਰਾ ਸਾਲਾ ਰੋਟੀ ਖਾਂਦਾ ਹੈ। ਬਿਜੂ ਨੇ ਦਸਿਆ ਕਿ ਉਸ ਵਲੋਂ ਬਿਜਲੀ ਨਾਲ ਚੱਲਣ ਵਾਲੇ ਚੱਕ 'ਤੇ ਛੋਟੇ-ਛੋਟੇ ਦੀਵੇ ਤਿਆਰ ਕੀਤੇ ਜਾਂਦੇ ਹਨ, ਜਿਸ ਨਾਲ ਬਰਤਨ ਤਿਆਰ ਕਰਨ ਲਈ ਲਾਗਤ ਹੋ ਵਧ ਜਾਂਦੀ ਹੈ।
ਇਸੇ ਪਿੰਡ ਵਿਚ ਆਰਤੀ ਨਾਂ ਦੀ ਇਕ ਹੋਣਹਾਰ ਲੜਕੀ ਜਿਹੜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-30 'ਚ 5ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦਾ ਕਹਿਣਾ ਹੈ ਕਿ ਉਹ ਦੀਵਾਲੀ 'ਤੇ ਦੀਵੇ ਵੇਚ ਕੇ ਅਪਣੇ ਪਰਵਾਰ 'ਤੇ ਪੜ੍ਹਾਈ ਦਾ ਖ਼ਰਚ ਪੂਰਾ ਕਰਦੀ ਹੈ। ਉਸ ਦਾ ਕਹਿਣਾ ਸੀ ਕਿ ਉਹ ਦੀਵਾਲੀ ਦੇ ਤਿਉਹਾਰ ਮੌਕੇ ਘਰੋ-ਘਰੀ ਦੀਵੇ ਵੇਚ ਕੇ ਕਰੀਬ 3 ਹਜ਼ਾਰ ਰੁਪਏ ਕਮਾ ਲੈਂਦੀ ਹੈ। ਉਸ ਨੇ ਕਿਹਾ ਕਿ ਉਸ ਦਾ ਪਰਵਾਰ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦਾ। ਉਸ ਨੇ ਕਿਹਾ ਉਹ ਪੜ੍ਹਾਈ ਕਰ ਕੇ ਅਪਣੇ ਮਾਂ-ਪਿਉ ਦਾ ਨਾਂ ਰੌਸ਼ਨ ਕਰੇਗੀ।