
ਐਸ.ਏ.ਐਸ. ਨਗਰ, 25 ਦਸੰਬਰ (ਕੁਲਦੀਪ ਸਿੰਘ) : ਮੋਹਾਲੀ ਨਗਰ ਨਿਗਮ ਵਲੋਂ ਮੋਹਾਲੀ ਵਿਚ ਬਣਾਏ ਜਾਣ ਵਾਲੇ ਦੋ ਫ਼ਾਇਰ ਸਟੇਸ਼ਨਾਂ ਦਾ ਮਾਮਲਾ ਇਸ ਸਾਲ ਵੀ ਲਮਕ ਗਿਆ ਹੈ। ਇਹ ਦੋ ਫ਼ਾਇਰ ਸਟੇਸ਼ਨ ਸੈਕਟਰ 65 (ਫ਼ੇਜ਼ 11) ਅਤੇ ਸੈਕਟਰ 78 ਵਿਚ ਬਣਾਏ ਜਾਣੇ ਹਨ। ਇਨ੍ਹਾਂ ਵਾਸਤੇ ਗਮਾਡਾ ਵਲੋਂ ਥਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਚੁਕੀ ਹੈ ਪਰ ਹਾਲੇ ਤਕ ਇਨ੍ਹਾਂ ਦੋਵਾਂ ਸੈਕਟਰਾਂ ਵਿਚ ਫ਼ਾਇਰ ਸਟੇਸ਼ਨ ਦੀ ਉਸਾਰੀ ਦਾ ਕੰਮ ਅਰੰਭ ਨਹੀਂ ਹੋ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਫ਼ਾਇਰ ਸਟੇਸ਼ਨਾਂ ਦੇ ਬਾਕਾਇਦਾ ਤੌਰ 'ਤੇ ਨਕਸ਼ੇ ਵੀ ਫ਼ਾਈਨਲ ਹੋ ਚੁੱਕੇ ਹਨ ਪਰ ਇਸ ਤੋਂ ਬਾਅਦ ਦੀ ਕਾਰਵਾਈ ਫ਼ਾਈਲਾਂ ਵਿਚ ਹੀ ਲਮਕੀ ਪਈ ਹੈ।ਜ਼ਿਕਰ ਕਰਨਾ ਬਣਦਾ ਹੈ ਕਿ ਮੋਹਾਲੀ ਵਿਚ ਦੋਵੇਂ ਪਾਸੇ ਵੱਡੇ ਸਨਅਤੀ ਖੇਤਰ ਹਨ ਜਿਨ੍ਹਾਂ ਵਿਚੋਂ ਇਕ ਸਨਅਤੀ ਖੇਤਰ ਫੇਜ਼ 1 ਤੋਂ 8ਬੀ ਤਕ ਹੈ ਅਤੇ ਦੂਜੇ ਪਾਸੇ ਫੇਜ਼ 9 ਦਾ ਸਨਅਤੀ ਖੇਤਰ ਅਤੇ ਇਸ ਦੀ ਐਕਸਟੈਂਸ਼ਨ ਹੈ। ਇਨ੍ਹਾਂ ਦੋਹਾਂ ਹੀ ਪਾਸੇ ਖਤਰਨਾਕ ਅਤੇ ਜਲਣਸ਼ੀਲ ਪਦਾਰਥਾਂ ਨਾਲ ਲੈਸ ਕੰਟੇਨਰ ਹਨ ਜਿਨ੍ਹਾਂ ਵਿਚ ਅੱਗ ਲਗਣ ਦੀ ਸੂਰਤ ਵਿਚ ਭਾਰੀ ਨੁਕਸਾਨ ਹੋ ਸਕਦਾ ਹੈ। ਚੇਤੇ ਰਹੇ ਕਿ ਕੁਝ ਵਰ੍ਹੇ ਪਹਿਲਾਂ ਮੋਹਾਲੀ ਦੇ ਫੇਜ਼ 3 ਸਨਅਤੀ
ਖੇਤਰ ਵਿਚ ਸਥਿਤ ਰੈਨਬੈਕਸੀ ਕੰਪਨੀ ਵਿਚ ਹੋਏ ਧਮਾਕੇ ਤੋਂ ਬਾਅਦ ਲੱਗੀ ਅੱਗ ਵਿਚ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਕਈ ਹੋਰ ਜ਼ਖਮੀ ਹੋਏ ਸਨ। ਇਸੇ ਤਰ੍ਹਾਂ ਮੋਹਾਲੀ ਦੇ ਸਨਅਤੀ ਖੇਤਰ ਫੇਜ਼ 9 ਵਿਚ ਵੀ ਅੱਗ ਲਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਇਕ ਨੈਪਕਿਨ ਬਣਾਉਣ ਵਾਲੀ ਕੰਪਨੀ ਦੀ ਫ਼ੈਕਟਰੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ।ਫ਼ਾਇਰ ਬ੍ਰਿਗੇਡ ਕੋਲ ਹਨ ਵਾਧੂ ਗੱਡੀਆਂ : ਮੋਹਾਲੀ ਦੇ ਫ਼ੇਜ਼-1 ਵਿਚ ਸਥਿਤ ਫ਼ਾਇਰ ਬ੍ਰਿਗੇਡ ਦੇ ਮੁੱਖ ਦਫ਼ਤਰ ਵਿਚ ਇਕ ਦਰਜਨ ਦੇ ਕਰੀਬ ਫ਼ਾਇਰ ਟੈਂਡਰ ਖੜੇ ਹਨ। ਇਸ ਤੋਂ ਇਲਾਵਾ ਇਕ ਵੱਡੀ ਕੈਪਸਿਟੀ ਵਾਲਾ ਵਾਟਰ ਟੈਂਕਰ ਵੀ ਹੈ ਅਤੇ ਉਚੀਆਂ ਇਮਾਰਤਾਂ ਵਾਸਤੇ ਹਾਈਡ੍ਰੌਲਿਕ ਲੈਂਡਰ ਵੀ ਮੌਜੂਦ ਹੈ। ਇਨ੍ਹਾਂ ਵਿਚੋਂ ਹੀ ਦੋ ਦੋ ਫ਼ਾਇਰ ਟੈਂਡਰ ਨਵੇਂ ਸਟੇਸ਼ਨਾਂ ਉਤੇ ਭੇਜੇ ਜਾ ਸਕਦੇ ਹਨ।ਕੀ ਕਹਿੰਦੇ ਹਨ ਕਮਿਸ਼ਨਰ : ਇਸ ਮਾਮਲੇ ਵਿਚ ਸੰਪਰਕ ਕਰਨ 'ਤੇ ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਫ਼ਾਇਰ ਵਿਭਾਗ ਵਿਚ ਪੋਸਟਾਂ ਭਰਨ ਵਾਸਤੇ ਫ਼ਾਈਲ ਉਨ੍ਹਾਂ ਕੋਲ ਆ ਗਈ ਹੈ ਅਤੇ ਇਹ ਮਾਮਲਾ ਨਿਗਮ ਦੀ ਅਗਲੀ ਮੀਟਿੰਗ ਵਿਚ ਲਿਆ ਕੇ ਸਰਕਾਰ ਤੋਂ ਇਸ ਦੀ ਸਿਧਾਂਤਕ ਪ੍ਰਵਾਨਗੀ ਲੈਣ ਉਪਰੰਤ ਪੋਸਟਾਂ ਭਰੀਆਂ ਜਾਣਗੀਆਂ ਅਤੇ ਮਸ਼ੀਨਰੀ ਦੀ ਖ਼ਰੀਦ ਅਤੇ ਇਮਾਰਤ ਦੀ ਉਸਾਰੀ ਵਾਸਤੇ ਟੈਂਡਰ ਕੱਢੇ ਜਾਣਗੇ।