
ਚੰਡੀਗੜ੍ਹ, 9 ਸਤੰਬਰ
(ਸਰਬਜੀਤ ਢਿੱਲੋਂ): ਸਿਟੀ ਪਲਿਸ 'ਚ ਤਾਇਨਾਤ ਹੌਲਦਾਰ ਸੁਰਿੰਦਰ ਸਿੰਘ ਨੂੰ ਮੋਟਰਸਾਈਕਲ
ਚਲਾਉਂਦਿਆਂ ਮੋਬਾਈਲ ਫ਼ੋਨ ਸੁਣਨਾ ਮਹਿੰਗਾ ਪੈ ਗਿਆ। ਸੂਤਰਾਂ ਅਨੁਸਾਰ ਇਕ ਨੌਜਵਾਨ ਦੇ
ਰੋਕਣ ਬਾਅਦ ਉਸ ਨੇ ਉਸ ਦੇ ਮੂੰਹ 'ਤੇ ਥੱਪੜ ਜੜ ਦਿਤਾ। ਸ਼ਿਕਾਇਤ ਡੀ.ਜੀ.ਪੀ. ਕੋਲ ਪੁੱਜਣ
'ਤੇ ਅਫ਼ਸਰਾਂ ਨੇ ਹੌਲਦਾਰ ਨੂੰ ਮੁਅੱਤਲ ਕਰ ਦਿਤਾ।
ਸੂਤਰਾਂ ਅਨੁਸਾਰ ਹੌਲਦਾਰ
ਵੀ.ਆਈ.ਪੀ. ਸਕਿਉਰਿਟੀ ਤਾਇਨਾਤ ਦਸਿਆ ਜਾਂਦਾ ਹੈ। ਇਹ ਘਟਨਾ ਸਵੇਰੇ ਵੇਲੇ ਦੀ ਹੈ ਜਦ
ਸੁਰਿੰਦਰ ਸਿੰਘ ਮੋਟਰਸਾਈਕਲ 'ਤੇ ਡਿਊਟੀ ਜਾਂਦੇ ਸਮੇਂ ਇਕ ਹੱਥ ਨਾਲ ਫ਼ੋਨ ਸੁਣਨ ਰਿਹਾ ਸੀ।
ਇਸੇ ਸੜਕ ਤੋਂ ਜਾ ਰਹੇ ਇਕ ਰਾਹਗੀਰ ਅਮਿਤ ਕੁਮਾਰ ਨੇ ਉਸਦੀ ਅਪਣੇ ਫ਼ੋਨ ਨਾਲ ਵੀਡੀਉ
ਬਣਾਉਣੀ ਸ਼ੁਰੂ ਕਰ ਦਿਤੀ। ਪੁਲਿਸ ਮੁਲਾਜ਼ਮ ਨੇ ਉਸ ਨੂੰ ਅਜਿਹਾ ਕਰਨ ਦਾ ਕਾਰਨ ਪੁਛਿਆ ਤਾਂ
ਉਸ ਨੇ ਕਿਹਾ ਕਿ ਇਹ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਹੈ। ਤਾਂ ਉਕਤ ਪੁਲਿਸ ਕੁਰਮਚਾਰੀ ਨੇ
ਉਸ ਨਾਲ ਬਦਤਮੀਜ਼ੀ ਕੀਤੀ ਅਤੇ ਉਸ ਦੇ ਮੂੰਹ 'ਤੇ ਥੱਪੜ ਵੀ ਮਾਰ ਦਿਤਾ।
ਇਸ ਵੀਡੀਉ
ਨੂੰ ਉਸ ਦੇ ਉੱਚ ਅਧਿਕਾਰੀਆਂ ਦੀ ਵੈੱਬ ਸਾਈਟ 'ਤੇ ਪਾ ਦਿਤਾ। ਬਾਅਦ ਦੁਪਹਿਰ ਡੀ.ਜੀ.ਪੀ.
ਤੇਜਿੰਦਰ ਸਿੰਘ ਲੂਥਰਾ ਨੇ ਨੌਜਵਾਨ ਦੀ ਸ਼ਿਕਾਇਤ 'ਤੇ ਹੌਲਦਾਰ ਸੁਰਿੰਦਰ ਸਿੰਘ ਨੂੰ
ਮੁਅੱਤਲ ਗਕਰ ਦਿਤਾ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਕੋਈ ਵੀ
ਵਾਹਨ ਚਾਲਕ ਵਾਹਨ ਚਲਾਉਂਦੇ ਸਮੇਂ ਮੋਬਾਈਲ ਨਹੀਂ ਸੁਣ ਸਕਦਾ। ਇਨ੍ਹਾਂ ਨਿਯਮਾਂ ਦੀ
ਉਲੰਘਣਾ ਕਰਨ ਵਾਲਿਆਂ ਦੇ ਲਾਈਸੈਂਸ ਜਬਤ ਕੀਤੇ ਜਾ ਸਕਦੇ ਹਨ।