
ਚੰਡੀਗੜ੍ਹ, 15 ਦਸੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਸਿੰਡੀਕੇਟ ਦੀਆਂ ਚੋਣਾਂ ਵਿਚ ਧੜੇਬਾਜ਼ੀ ਭਾਰੂ ਹੁੰਦੀ ਨਜ਼ਰ ਆ ਰਹੀ ਹੈ ਅਤੇ ਮੁੱਦੇ ਇਸ ਦੀ ਭੇਂਟ ਚੜ੍ਹ ਗਏ ਹਨ ਕਿਉਂਕਿ ਵੱਖ-ਵੱਖ ਵਿਚਾਰਧਾਰਾ ਨਾਲ ਸਬੰਧਤ ਮੈਂਬਰ ਵੀ ਗਰੁੱਪਾਂ ਵਿਚ ਵੰਡੇ ਗਏ ਹਨ। ਇਨ੍ਹਾਂ ਚੋਣਾਂ ਵਿਚ ਮੁਕਾਬਲਾ ਗੋਇਲ ਬਨਾਮ ਗੋਇਲ ਗਰੁੱਪਾਂ ਵਿਚਕਾਰ ਹੋਵੇਗਾ। ਪਿਛਲੀਆਂ ਚੋਣਾਂ ਵਿਚ ਵੀ ਇਹੀ ਦੋਵੇਂ ਗਰੁੱਪ ਆਹਮੋ-ਸਾਹਮਣੇ ਸਨ ਪਰ ਯੂਨੀਵਰਸਟੀ ਗਰੁੱਪ ਨੇ ਸਾਰੀਆਂ 15 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਸੀ। ਇਸ ਗਰੁੱਪ ਦੀ ਅਗਵਾਈ ਪ੍ਰੋ. ਨਵਦੀਪ ਗੋਇਲ ਨੇ ਕੀਤੀ ਸੀ ਜਦਕਿ ਇਸ ਦੇ ਮੁਕਾਬਲੇ ਦੇ ਗਰੁੱਪ ਦੀ ਅਗਵਾਈ ਅਸ਼ੋਕ ਗੋਇਲ ਕਰ ਰਹੇ ਸਨ, ਜਿਨ੍ਹਾਂ ਚੋਣਾਂ ਵਿਚ ਕੋਈ ਉਮੀਦਵਾਰ ਨਹੀਂ ਸੀ ਉਤਾਰਿਆ। ਇਹ ਜਾਣਕਾਰੀ ਅਨੁਸਾਰ ਅਸ਼ੋਕ ਗੋਇਲ ਵਾਲਾ ਗਰੁੱਪ ਇਨ੍ਹਾਂ ਚੋਣਾਂ ਦਾ ਘੱਟੋ-ਘੱਟ 3 ਸੀਟਾਂ 'ਤੇ ਚੋਣ ਲੜ ਸਕਦਾ ਹੈ ਜਦਕਿ ਪ੍ਰੋ. ਨਵਦੀਪ ਗੋਇਲ ਵਾਲਾ ਗਰੁੱਪ ਜਿਥੇ ਸਾਰੀਆਂ 15 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ, ਉਥੇ ਉਹ ਪਿਛਲੇ ਸਾਲ ਵਾਲੀ ਹੂੰਝਾ ਫੇਰ ਜਿੱਤ ਨੂੰ ਬਰਕਰਾਰ ਰੱਖਣ ਲਈ ਉਮੀਦ ਲਾਈ ਬੈਠਾ ਹੈ।
ਮੁੱਦਿਆਂ ਨਾਲੋਂ ਗਰੁੱਪ ਨੂੰ ਪਹਿਲ : ਯੂਨੀਵਰਸਟੀ ਕੈਂਪਸ ਦੇ ਅਧਿਆਪਕਾਂ ਦੇ ਲਗਭਗ ਸਾਰੇ ਮੁੱਦੇ ਸਾਂਝੇ ਹਨ, ਭਾਵੇਂ ਉਹ ਤਨਖ਼ਾਹ ਸਕੇਲਾਂ ਦਾ ਹੋਵੇ ਜਾਂ ਫਿਰ ਤਰੱਕੀਆਂ ਦਾ ਪਰ ਸਾਂਝੇ ਮੁੱਦਿਆਂ ਦੇ ਬਾਵਜੂਦ ਇਹ ਅਧਿਆਪਕ ਦੋਵਾਂ ਗਰੁੱਪਾਂ 'ਚ ਵੰਡੇ ਹੋਏ ਹਨ। ਦੂਜਾ ਜਦੋਂ ਯੂਨੀਵਰਸਟੀ ਅਤੇ ਕਾਲਜ ਅਧਿਆਪਕਾਂ ਨੂੰ ਬਰਾਬਰ ਦਰਜੇ ਦੀ ਗੱਲ ਹੁੰਦੀ ਹੈ ਤਾਂ ਵੀ ਸਹਿਮਤੀ ਨਹੀਂ ਹੈ ਪਰ ਚੋਣਾਂ ਮੌਕੇ ਇਹ ਮੁੱਦਾ ਪਿੱਛੇ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਸੈਨੇਟ ਦਾ ਕਈ ਵਾਰ ਕਾਲਜ ਅਤੇ ਯੂਨੀਵਰਸਟੀ ਅਧਿਆਪਕ ਕੁੱਝ ਮੁੱਦਿਆਂ ਨੂੰ ਲੈ ਕੇ ਆਹਮੋ-ਸਾਹਮਣੇ ਹੁੰਦੇ ਹਨ ਪਰ ਚੋਣਾਂ ਮੌਕੇ ਇਹ ਸਾਰਾ ਕੁੱਝ ਭੁੱਲ-ਭੁਲਾ ਕੇ ਗਰੁੱਪ ਦੀ ਮਜ਼ਬੂਤੀ ਲਈ ਕੰਮ ਕਰਦੇ ਹਨ। ਪੂਟਾ ਪ੍ਰਧਾਨ ਵੀ ਲੜਨਗੇ ਚੋਣ : ਪੂਟਾ ਪ੍ਰਧਾਨ ਪ੍ਰੋ. ਰਜੇਸ਼ ਗਿੱਲ ਵੀ ਸਿੰਡੀਕੇਟ ਦੀ ਚੋਣ ਲੜਨਗੇ, ਉਹ ਅਸ਼ੋਕ ਗੋਇਲ ਗਰੁੱਪ ਨਾਲ ਸਬੰਧਤ ਹਨ। ਇਸੇ ਗਰੁੱਪ ਦੇ ਬਾਕੀ ਉਮੀਦਵਾਰਾਂ 'ਚੋਂ ਅਸ਼ੋਕ ਗੋਇਲ, ਪ੍ਰੋ. ਕੇਸ਼ਵ ਮਲਹੋਤਰਾ ਅਤੇ ਪ੍ਰੋ. ਪ੍ਰਵੀਨ ਗੋਇਲ ਸ਼ਾਮਲ ਹਨ।