
ਚੰਡੀਗੜ੍ਹ, 21 ਦਸੰਬਰ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਤਿੰਨਾਂ ਅਹੁਦਿਆਂ ਦੀ ਮਿਆਦ 31 ਦਸੰਬਰ ਨੂੰ ਸਮਾਪਤ ਹੋਣ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਚੋਣ ਅਧਿਕਾਰੀ ਅਜੀਤ ਬਾਲਾਜੀ ਜੋਸ਼ੀ ਵਲੋਂ ਮੇਅਰ ਸਮੇਤ ਤਿੰਨਾਂ ਅਹੁਦਿਆਂ ਨੂੰ ਭਰਨ ਲਈ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਹੈ, ਜਿਸ ਅਨੁਸਾਰ ਇਨ੍ਹਾਂ ਅਹੁਦਿਆਂ 'ਤੇ ਚੋਣ ਲੜਨ ਵਾਲੇ ਉਮੀਦਵਾਰ ਆਪੋ-ਅਪਣੇ ਨਾਮਜ਼ਦਗੀ ਕਾਗ਼ਜ਼ 4 ਜਨਵਰੀ ਤਕ ਭਰ ਸਕਣਗੇ। ਡਿਪਟੀ ਕਮਿਸ਼ਨਰ ਵਲੋਂ ਨਗਰ ਨਿਗਮ ਦੀ 9 ਜਨਵਰੀ ਨੂੰ ਕਰਵਾਈ ਜਾਣ ਵਾਲੀ ਚੋਣ ਲਈ ਸੀਨੀਅਰ ਕੌਂਸਲਰ ਮੇਜਰ ਜਨਰਲ (ਸੇਵਾ ਮੁਕਤ) ਐਮ.ਐਸ. ਕੁੰਡਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਚੋਣਾਂ ਲਈ ਭਾਜਪਾ ਅਤੇ ਕਾਂਗਰਸ ਨੇ ਉਮੀਦਵਾਰਾਂ ਦਾ ਐਲਾਨ ਖੋਲ੍ਹੇ ਤੌਰ 'ਤੇ ਨਹੀਂ ਕੀਤਾ ਪਰ ਮੇਅਰ ਦੀ ਸੀਟ ਲਈ ਭਾਜਪਾ ਦੇ ਸਾਬਕਾ ਮੇਅਰ ਅਰੁਣ ਸੂਦ ਨੂੰ ਹੀ ਉਮੀਦਵਾਰ ਬਦਾ ਸਕਦੀ ਹੈ ਜਦਕਿ ਮੇਅਰ ਦੀ ਕੁਰਸੀ 'ਤੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਦੇ ਧੜੇ ਨਾਲ ਸਬੰਧਤ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਦਿਵੇਸ਼ ਮੋਦਗਿੱਲ ਸਮੇਤ 4 ਹੋਰ ਕੌਂਸਲਰ ਵੀ ਆਪੋ-ਅਪਣੇ ਘੋੜੇ ਭਜਾਉਣ ਲੱਗੇ ਹੋਏ ਹਨ।
ਭਾਜਪਾ ਕੋਲ ਮੇਅਰ ਲਈ ਪੂਰਾ ਬਹੁਮਤਭਾਰਤੀ ਜਨਤਾ ਪਾਰਟੀ ਕੋਲ ਕੁਲ 26 ਕੌਂਸਲਰਾਂ 'ਚੋਂ 20 ਅਤੇ ਇਕ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਮਿਲਾ ਕੇ 21 ਕੌਂਸਲਰ ਹਨ ਜਦਕਿ ਸੰਸਦ ਮੈਂਬਰ ਕਿਰਨ ਖੇਰ ਦੀ ਬਤੌਰ ਸੰਸਦ ਮੈਂਬਰ ਵੋਟ ਪਾ ਕੇ ਸੰਖਿਆ ਕੁਲ 22 ਹੋ ਜਾਂਦੀ ਹੈ ਜਦਕਿ ਇਕ ਆਜ਼ਾਦ ਕੌਂਸਰ ਦਲੀਪ ਸ਼ਰਮਾ ਹਨ। ਦੂਜੇ ਪਾਸੇ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ ਕੋਲ ਕੁਲ 4 ਹੀ ਕੌਂਸਲਰ ਹਨ।