
ਚੰਡੀਗੜ੍ਹ, 16 ਮਾਰਚ (ਸਰਬਜੀਤ ਢਿੱਲੋਂ): ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਿੱਤੀ ਘਾਟੇ ਦਾ ਸ਼ਿਕਾਰ ਹੋਣ ਸਦਕਾ ਹੁਣ ਸ਼ਹਿਰ ਵਿਚ ਚਲ ਰਹੇ ਢਾਬਿਆਂ ਅਤੇ ਹੋਰ ਖਾਣ-ਪੀਣ ਦਾ ਸਮਾਨ ਵੇਚ ਰਹੇ ਦੁਕਾਨਦਾਰਾਂ ਵਲੋਂ ਅਪਣੀਆਂ ਦੁਕਾਨਾਂ ਦੇ ਅੱਗੇ ਕੁਰਸੀਆਂ-ਟੇਬਲ ਲਗਾ ਕੇ ਗਾਹਕਾਂ ਨੂੰ ਖਾਣਾ ਆਦਿ ਪਰੋਸਣ ਵਾਲਿਆਂ ਕੋਲੋਂ ਹਰ ਮਹੀਨੇ ਹਜ਼ਾਰਾਂ ਰੁਪਏ ਵਸੂਲੇਗੀ। ਇਸ ਤੋਂ ਇਨਾਵਾ ਅਜਿਹੇ ਦੁਕਾਨਦਾਰਾਂ ਕੋਲੋਂ ਮਹੀਨਾਵਾਰ ਸਕਿਉਰਟੀ ਦੀਆਂ ਮੋਟੀਆਂ ਰਕਮਾਂ ਵੀ ਵਸੂਲਣ ਜਾ ਰਹੀ ਹੈ। ਇਸ ਸਬੰਧੀ ਮਿਊਂਸਪਲ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਇਹ ਦੁਕਾਨਦਾਰ ਨਗਰ ਨਿਗਮ ਦੀਆਂ ਥਾਵਾਂ ਦੀ ਦੁਰਵਰਤੋਂ ਕਰਦੇ ਹਨ,
ਇਸ ਲਈ ਜਿਨ੍ਹਾਂ ਦੁਕਾਨਦਾਰਾਂ ਨੇ ਨਗਰ ਨਿਗਮ ਵਲੋਂ ਇਜਾਜ਼ਤ ਨਹੀਂ ਲਈ, ਉਨ੍ਹਾਂ ਨੂੰ ਨੋਟਿਸ ਭੇਜੇ ਜਾਣਗੇ। ਜਿਨ੍ਹਾਂ ਨੇ ਪਹਿਲਾਂ ਹੀ ਇਜਾਜ਼ਤ ਲਈ ਹੋਈ ਹੈ, ਉਹ ਹਜ਼ਾਰਾਂ ਰੁਪਏ ਕਿਰਾਇਆ ਪਹਿਲਾਂ ਹੀ ਭਰਨ ਲਈ ਮਜਬੂਰ ਹਨ। ਦੱਸਣਯੋਗ ਹੈ ਕਿ ਨਗਰ ਨਿਗਮ ਸ਼ੋਅਰੂਮਾਂ 'ਚ ਖੁਲ੍ਹੇ ਢਾਬਿਆਂ ਦੇ ਮਾਲਕ ਕੋਲੋਂ ਪੰਜ ਹਜ਼ਾਰ ਤੋਂ ਸੱਤ ਹਜ਼ਾਰ ਤਕ ਦੇ ਕਰੀਬ ਰਕਮਾਂ ਕਿਰਾਏ ਵਜੋਂ ਵਸੂਲਦੀ ਹੈ ਅਤੇ 10 ਹਜ਼ਾਰ ਰੁਪਏ ਤੋਂ ਲੈ ਕੇ 12 ਹਜ਼ਾਰ ਰੁਪਏ ਤਕ ਸਾਲਾਨਾ ਸਕਿਉਰਟੀ ਵਸੂਲਦੀ ਹੈ ਜਦਕਿ ਛੋਟੇ-ਛੋਟੇ ਬੂਥਾਂ ਵਾਲਿਆਂ ਕੋਲੋਂ ਤਿੰਨ ਹਜ਼ਾਰ ਰੁਪਏ ਮਹੀਨਾ ਕਿਰਾਇਆ ਅਤੇ ਤੇ ਹਜ਼ਾਰ ਰੁਪਏ ਸਾਲਾਨਾ ਸਕਿਉਰਟੀ ਲਵੇਗੀ।