
ਚੰਡੀਗੜ੍ਹ, 12 ਜਨਵਰੀ (ਸਰਬਜੀਤ ਢਿੱਲੋਂ): ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਪੰਜਾਬੀਆਂ ਦਾ ਰਵਾਇਤੀ ਤਿਉਹਾਰ ਲੋਹੜੀ ਮੇਅਰ ਦਿਵੇਸ਼ ਮੋਦਗਿਲ ਦੀ ਅਗਵਾਈ ਵਿਚ ਸੈਕਟਰ-17 'ਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਗੁਰਪ੍ਰੀਤ ਸਿੰਘ ਢਿੱਲੋਂ, ਡਿਪਟੀ ਮੇਅਰ ਵਿਨੋਦ ਅਗਰਵਾਲ ਅਤੇ ਨਗਰ ਨਿਗਮ ਦੇ ਕੌਂਸਲਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲੀਆਂ ਅਤੇ ਗਿੱਧਾ ਪਾਇਆ। ਮੁਲਾਜ਼ਮਾਂ ਵਲੋਂ ਪੰਜਾਬੀ ਗੀਤਾਂ 'ਤੇ ਕੋਰੀਉਗਾਫ਼ੀ ਕੀਤੀ ਅਤੇ ਭੰਗੜਾ ਪਾ ਕੇ ਸਮਾਗਮ ਨੂੰ ਯਾਦਗਾਰੀ ਬਣਾਇਆ।
ਇਸ ਮੌਕੇ ਮੇਅਰ ਦਿਵੇਸ਼ ਮੋਦਗਿਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਲੋਹੜੀ ਦੇ ਤਿਉਹਾਰ ਮੌਕੇ 'ਬੇਟੀ ਬਚਾਉ, ਬੇਟੀ ਪੜ੍ਹਾਉ' ਦੇ ਵਿਸ਼ੇ ਤਹਿਤ ਨਗਰ ਨਿਗਮ ਦੇ ਸਟਾਫ਼ ਅਤੇ ਸ਼ਹਿਰ ਵਾਸੀਆਂ ਨੂੰ ਧੀਆਂ ਦੀ ਲੋਹੜੀ ਵੀ ਘਰੋ-ਘਰੀ ਮਨਾਉਣ ਅਤੇ ਸਮਾਜ ਵਿਚ ਨਵ-ਜੰਮੀਆਂ ਬੱਚੀਆਂ ਨੂੰ ਪੂਰਾ ਮਾਣ-ਸਨਮਾਨ ਦੇਣ ਲਈ ਅਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਅਤੇ ਸਟਾਫ਼ ਨੂੰ ਲੋਹੜੀ ਦੀ ਵਧਾਈ ਦਿਤੀ।