
ਐਸ.ਏ.ਐਸ.
ਨਗਰ, 15 ਸਤੰਬਰ (ਸੁਖਦੀਪ ਸਿੰਘ ਸੋਈਂ): ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ
ਬੀਤੀ 11 ਸਤੰਬਰ ਨੂੰ ਸੈਕਟਰ-71 ਦੇ ਇਕ ਪਾਰਕ ਵਿਚ ਚਰਨ ਵਾਲੇ ਆਵਾਰਾ ਪਸ਼ੂਆਂ ਨੂੰ ਫੜ ਕੇ
ਗਊਸ਼ਾਲਾ ਭਿਜਵਾਉਣ ਦੀਆਂ ਹਦਾਇਤਾਂ ਦੇ ਬਾਵਜੂਦ ਇਨ੍ਹਾਂ ਪਸ਼ੂਆਂ ਦੇ ਮਾਲਕਾਂ ਵਲੋਂ ਮੌਕੇ
ਤੋਂ ਪਸ਼ੂ ਭਜਾਉਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।
ਨਗਰ ਨਿਗਮ ਦੇ ਆਵਾਰਾ ਪਸ਼ੂ
ਫੜਨ ਵਾਲੇ ਅਮਲੇ ਦੇ ਇੰਚਾਰਜ ਕੇਸਰ ਸਿੰਘ (ਜੂਨੀਅਰ ਸਹਾਇਕ) ਵਲੋਂ ਹਲਕਾ ਵਿਧਾਇਕ ਉਪਰ
ਉਸ ਨਾਲ ਦੁਰਵਿਵਹਾਰ ਕਰਨ ਅਤੇ ਧਮਕਾਉਣ ਦਾ ਦੋਸ਼ ਲਗਾਉਂਦਿਆਂ ਪੰਜਾਬ ਵਿਧਾਨ ਸਭਾ ਦੇ
ਸਪੀਕਰ ਅਤੇ ਐਸ.ਐਸ.ਪੀ. ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦਿਤੀ ਹੈ। ਦੂਜੇ ਪਾਸੇ ਹਲਕਾ
ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੇਸਰ ਸਿੰਘ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਕਿਹਾ
ਕਿ ਉਨ੍ਹਾਂ ਵਲੋਂ ਪਹਿਲਾਂ ਹੀ ਸਥਾਨਕ ਸਰਕਾਰਾਂ ਮੰਤਰੀ ਨੂੰ ਕੇਸਰ ਸਿੰਘ ਵਿਰੁਧ ਕਾਰਵਾਈ
ਕਰਨ ਲਈ ਲਿਖਿਆ ਜਾ ਚੁੱਕਿਆ ਹੈ ਅਤੇ ਹੁਣ ਕੇਸਰ ਸਿੰਘ ਵਲੋਂ ਅਪਣੀ ਚਮੜੀ ਬਚਾਉਣ ਲਈ
ਉਨ੍ਹਾਂ ਵਿਰੁਧ ਦੁਸ਼ਣਬਾਜ਼ੀ ਕੀਤੀ ਜਾ ਰਹੀ ਹੈ।
ਕੇਸਰ ਸਿੰਘ ਨੇ ਦੋਸ਼ ਲਗਾਇਆ ਹੈ ਕਿ
ਬੀਤੀ 2 ਜੂਨ ਨੂੰ ਸੈਕਟਰ-68 ਵਿਚ ਪਸ਼ੂ ਮਾਲਕਾਂ ਵਲੋਂ ਨਿਗਮ ਦੀ ਆਵਾਰਾ ਪਸ਼ੂ ਫੜਨ ਵਾਲੀ
ਟੀਮ 'ਤੇ ਹਮਲਾ ਕਰ ਕੇ ਪਸ਼ੂ ਛੁਡਾਉਣ ਅਤੇ ਸਰਕਾਰੀ ਗੱਡੀਆਂ ਦੀ ਭੰਨ-ਤੋੜ ਕਰਨ ਵਾਲੇ
ਵਿਅਕਤੀਆਂ ਵਿਰੁਧ ਨਗਰ ਨਿਗਮ ਵਲੋਂ ਪੁਲਿਸ ਸਟੇਸ਼ਨ ਫੇਜ਼-8 ਵਿਚ ਦਿਤੀ ਗਈ ਸ਼ਿਕਾਇਤਾਂ ਦੇ
ਮਾਮਲੇ ਵਿਚ ਹਲਕਾ ਵਿਧਾਇਕ ਵਲੋਂ ਉਨ੍ਹਾਂ ਨੂੰ ਫ਼ੋਨ ਕਰ ਕੇ ਸਮਝੌਤਾ ਕਰਨ ਲਈ ਦਬਾਅ ਪਾਇਆ
ਗਿਆ ਸੀ ਪਰ ਉਨ੍ਹਾਂ ਨੇ ਸਮਝੌਤੇ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਮੰਗ ਕੀਤੀ ਹੈ ਕਿ
ਸਰਕਾਰੀ ਡਿਊਟੀ ਦੌਰਾਨ ਉਨ੍ਹਾਂ ਨਾਲ ਮੰਦੀ ਸ਼ਬਦਾਵਲੀ ਵਰਤਣ ਵਾਲੇ ਹਲਕਾ ਵਿਧਾਇਕ ਅਤੇ
ਸੈਕਟਰ-71 ਦੇ ਕੌਂਸਲਰ ਵਿਰੁਧ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਮੁਲਾਜ਼ਮ ਜਥੇਬੰਦੀ
ਰਾਹੀਂ ਸੰਘਰਸ਼ ਕਰਨਗੇ ਅਤੇ ਜੇ ਲੋੜ ਪਈ ਤਾਂ ਅਦਾਲਤ ਵਿਚ ਵੀ ਜਾਣਗੇ।
ਸੈਕਟਰ-71 ਦੇ
ਕੌਂਸਲਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਇਸ ਮਾਮਲੇ ਵਿਚ ਕੇਸਰ ਸਿੰਘ ਵਲੋਂ ਜਿਹੜੇ ਦੋਸ਼
ਲਗਾਏ ਜਾ ਰਹੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਘਟਨਾ ਵਾਲੇ ਦਿਨ
ਕੇਸਰ ਸਿੰਘ ਨੇ ਪਾਰਕ ਵਿਚ ਗਾਵਾਂ ਖੋਲ੍ਹ ਕੇ ਲਿਜਾਣ ਵਾਲੇ ਵਿਅਕਤੀਆਂ ਦਾ ਵਿਰੋਧ ਤਕ
ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮੌਕੇ ਨਿਗਮ ਤੋਂ ਇਲਾਵਾ ਜਨ ਸਿਹਤ ਵਿਭਾਗ ਅਤੇ
ਹੋਰਨਾਂ ਵਿਭਾਗਾਂ ਦੇ ਕਈ ਅਧਿਕਾਰੀ ਹਾਜ਼ਰ ਸਨ ਅਤੇ ਇਹ ਸਾਰਾ ਕੁੱਝ ਉਨ੍ਹਾਂ ਸਾਹਮਣੇ
ਵਾਪਰਿਆ ਸੀ।
ਦੂਜੇ ਪਾਸੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੇਸਰ ਸਿੰਘ ਵਲੋਂ
ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਕਿਹਾ ਹੈ ਕਿ ਨਿਗਮ ਦਾ ਇਹ ਕਰਮਚਾਰੀ ਅਸਲ ਵਿਚ ਪਸ਼ੂ
ਮਾਲਕਾਂ ਨਾਲ ਮਿਲਿਆ ਹੋਇਆ ਹੈ ਅਤੇ ਉਸ ਦੀ ਸ਼ਹਿ 'ਤੇ ਹੀ ਪਿੰਡਾਂ ਵਾਲਿਆਂ ਦੇ ਪਸ਼ੂ ਸ਼ਹਿਰ
ਵਿਚ ਚਰਾਉਣ ਲਈ ਛੱਡੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਘਟਨਾ ਵਾਲੇ ਦਿਨ ਵੀ ਇਸ ਕਰਮਚਾਰੀ
ਵਲੋਂ ਗ਼ੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਕਾਰਵਾਈ ਕਰਦਿਆਂ ਨਾ ਸਿਰਫ਼ ਪਸ਼ੂ ਮਾਲਕਾਂ ਨੂੰ
ਉਨ੍ਹਾਂ ਦੇ ਪਸ਼ੂ ਭਜਾ ਕੇ ਲਿਜਾਣ ਦਿਤੇ ਗਏ ਬਲਕਿ ਇਸ ਕਰਮਚਾਰੀ ਵਲੋਂ ਪਹਿਲਾਂ ਵੀ ਇਸੇ
ਤਰ੍ਹਾਂ ਕੰਮ ਕੀਤਾ ਜਾਂਦਾ ਰਿਹਾ ਹੈ। ਸ਼ਹਿਰ ਵਾਸੀਆਂ ਵਲੋਂ ਇਸ ਸਬੰਧੀ ਸਮੇਂ-ਸਮੇਂ 'ਤੇ
ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਘਟਨਾ ਵਾਲੇ ਦਿਨ
ਉਨ੍ਹਾਂ ਇਸ ਕਰਮਚਾਰੀ ਨੂੰ ਅਜਿਹਾ ਕੁੱਝ ਵੀ ਨਹੀਂ ਆਖਿਆ ਜਿਵੇਂ ਕਿ ਇਹ ਦੋਸ਼ ਲਗਾ ਰਿਹਾ
ਹੈ ਪਰ ਉਨ੍ਹਾਂ ਵਲੋਂ ਇਸ ਕਰਮਚਾਰੀ ਦੇ ਇਸ ਨਾਂਹ ਪੱਖੀ ਰਵਈਏ ਕਾਰਨ ਸਥਾਨਕ ਸਰਕਾਰਾਂ
ਮੰਤਰੀ ਨੂੰ ਇਸ ਦੀ ਸ਼ਿਕਾਇਤ ਜ਼ਰੂਰ ਕੀਤੀ ਹੈ ਜਿਸ ਤੋਂ ਅਪਣੀ ਚਮੜੀ ਬਚਾਉਣ ਲਈ ਇਹ
ਕਰਮਚਾਰੀ ਬੇਬੁਨਿਆਦ ਦੁਸ਼ਣਬਾਜ਼ੀ ਕਰ ਰਿਹਾ ਹੈ। ਨਿਗਮ ਦੀ ਟੀਮ 'ਤੇ ਹਮਲਾ ਕਰ ਕੇ ਜਬਰੀ
ਪਸ਼ੂ ਛੁਡਵਾ ਕੇ ਲਿਜਾਣ ਵਾਲਿਆਂ ਵਿਰੁਧ ਪੁਲਿਸ ਨੂੰ ਦਿਤੀ ਸ਼ਿਕਾਇਤ ਦੇ ਮਾਮਲੇ ਵਿਚ
ਸਮਝੌਤੇ ਲਈ ਫ਼ੋਨ ਕਰਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਲੜਾਈ-ਝਗੜੇ ਦੇ ਮਾਮਲੇ ਵਿਚ
ਸਮਝੌਤੇ ਲਈ ਕਿਹਾ ਸੀ ਨਾਕਿ ਪਸ਼ੂ ਛੱਡਣ ਵਾਸਤੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ
ਨੁਮਾਇੰਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਾ ਉਨ੍ਹਾਂ ਦੀ ਪਹਿਲ
ਹੈ।