
ਚੰਡੀਗੜ੍ਹ, 22 ਸਤੰਬਰ
(ਤਰੁਣ ਭਜਨੀ): ਸੈਕਟਰ-33 ਦੇ ਸਰਕਾਰੀ ਸਕੂਲ ਦੇ ਨੋਟਿਸ ਬੋਰਡ ਅਤੇ ਜਮਾਤ ਦੀਆਂ ਦੀਵਾਰਾਂ
'ਤੇ ਇਤਰਾਜ਼ਯੋਗ ਸ਼ਬਦਾਵਲੀ ਅਤੇ ਡਰਾਇੰਗ ਬਣੀ ਵੇਖ ਚੰਡੀਗੜ੍ਹ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼
ਚਾਇਲਡ ਰਾਇਟਸ (ਸੀ.ਸੀ.ਪੀ.ਸੀ.ਆਰ.) ਦੀ ਟੀਮ ਹੈਰਾਨ ਰਹਿ ਗਈ।
ਕਮਿਸ਼ਨ ਦੀ
ਚੇਅਰਪਰਸਨ ਹਰਜਿੰਦਰ ਕੌਰ ਨੇ ਜਦ ਸਕੂਲ ਪ੍ਰਸ਼ਾਸਨ ਨੂੰ ਇਸ ਬਾਰੇ ਪੁਛਿਆ ਤਾਂ ਅਧਿਕਾਰੀ
ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ। ਇਹ ਇਤਰਾਜ਼ਯੋਗ ਸ਼ਬਦ ਕਲਾਸ ਰੂਮ ਵਿਚ ਲਿਖੇ ਹੋਏ ਸਨ।
ਹਰਜਿੰਦਰ ਕੌਰ ਨੇ ਦਸਿਆ ਕਿ ਉਨ੍ਹਾਂ ਅਪਣੀ ਟੀਮ ਨਾਲ ਸੈਕਟਰ-45 ਦੇ ਅਜੀਤ ਕਰਮਜੀਤ ਸਿੰਘ
ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਸੈਕਟਰ-33 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਦੌਰਾ
ਕੀਤਾ ਸੀ। ਇਸ ਦੌਰਾਨ ਸੈਕਟਰ-33 ਦੇ ਸਰਕਾਰੀ ਸਕੂਲ ਦੇ ਬਂੰਦ ਪਏ ਇਕ ਕਮਰੇ ਨੂੰ ਜਦ
ਖੋਲ੍ਹਿਆ ਤਾਂ ਉਸ ਵਿਚ ਲੱਗੇ ਬੋਰਡ 'ਤੇ ਕੁੱਝ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਹੋਈ ਸੀ ਅਤੇ
ਕੁੱਝ ਇਤਰਾਜ਼ਯੋਗ ਡਰਾਇੰਗ ਬਣੀ ਹੋਈ ਸੀ। ਉਨ੍ਹਾਂ ਜਦ ਇਸ ਬਾਰੇ ਸਕੂਲ ਪ੍ਰਬੰਧਕਾਂ ਨੂੰ
ਪੁਛਿਆ ਤਾਂ ਉਨ੍ਹਾ ਕਿਹਾ ਕਿ ਇਹ ਕਮਰਾ ਜ਼ਿਆਦਾਤਰ ਬੰਦ ਰਹਿੰਦਾ ਹੈ ਜਿਸ ਕਰ ਕੇ ਇਸ ਬਾਰੇ
ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਕਮਿਸ਼ਨ ਨੇ ਸਕੂਲ ਪ੍ਰਬੰਧਕਾਂ ਨੂੰ ਬੱਚਿਆਂ ਦੀ
ਕੌਂਸਲਿੰਗ ਲਾਜ਼ਮੀ ਕਰਵਾਉਣ ਲਈ ਕਿਹਾ ਤਾਕਿ ਉਨ੍ਹਾਂ ਵਿਚ ਸੁਧਾਰ ਆ ਸਕੇ।
ਇਸ ਤੋਂ ਇਲਾਵਾ ਕਮਿਸ਼ਨ ਨੇ ਸਕੂਲ ਦੇ ਵਿਹੜੇ ਵਿਚ ਇਕ ਅਵਾਰਾ ਕੁੱਤਾ ਬੈਠਾ ਹੋਣ 'ਤੇ ਇਤਰਾਜ਼ ਜ਼ਾਹਰ ਕੀਤਾ ਜੋ ਬੱਚਿਆਂ ਲਈ ਖ਼ਤਰਾ ਬਣ ਸਕਦੇ ਹਨ।
ਸਕੂਲ ਦੇ ਪਖਾਨੇ ਵਿਚ ਪਾਣੀ ਦੀ ਟੈਂਕੀ ਦਾ ਢੱਕਣ ਨਹੀਂ ਸੀ ਅਤੇ ਸਕੂਲ 'ਚ ਠੇਕੇ ਦੇ ਆਧਾਰ 'ਤੇ ਰੱਖੇ ਕਰਮਚਾਰੀਆਂ ਦੀ ਪੁਲਿਸ ਪੜਤਾਲ ਵੀ ਨਹੀਂ ਕਰਵਾਈ ਗਈ ਸੀ।
ਸਰਕਾਰੀ
ਸਕੂਲ ਤੋਂ ਪਹਿਲਾਂ ਕਮਿਸ਼ਨ ਨੇ ਅਜੀਤ ਕਰਮ ਸਿੰਘ ਇੰਟਰਨੈਸ਼ਨ ਪਬਲਿਕ ਸਕੂਲ ਦਾ ਦੌਰਾ
ਕੀਤਾ। ਇਥੇ ਸਕੂਲ ਚੌਕੀਦਾਰ ਅਤੇ ਸੁਰੱਖਿਆ ਕਰਮਚਾਰੀ ਦਾ ਕੋਈ ਇਕ ਕਮਰਾ ਨਿਰਧਾਰਤ ਨਹੀਂ
ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਾਇਮਰੀ ਜਮਾਤ ਨੇੜੇ ਬੀਜਲੀ ਦਾ ਕੰਟਰੋਲ ਪੈਨਲ ਖੁਲ੍ਹੇ
ਵਿਚ ਸੀ। ਕਮਿਸ਼ਨ ਨੇ ਇਸ ਨੂੰ ਬੰਦ ਕਰਨ ਲਈ ਕਿਹਾ। ਕਮਿਸ਼ਨ ਨੇ ਸਕੂਲ ਦੇ ਸੀ.ਸੀ.ਟੀ.ਵੀ.
ਕੈਮਰਿਆਂ ਦੀ ਵੀ ਜਾਂਚ ਕੀਤੀ। ਕਮਿਸ਼ਨ ਦੀ ਟੀਮ ਵਿਚ ਮੈਂਬਰ ਨਿਸ਼ਠਾ ਜੈਸਵਾਲ, ਨਵੀਨ ਸ਼ਰਮਾ,
ਡਿਪਟੀ ਡਾਇਰੈਕਟਰ ਸਿਖਿਆ ਵਿਭਾਗ ਵੀਨੇ ਆਰ ਸੂਦ, ਲਾਅ ਅਧਿਕਾਰੀ ਕਰਤਾਰ ਸਿੰਘ, ਚੰਚਲ
ਸਿੰਘ, ਅਰਵਿੰਦ ਧਵਨ ਤੋਂ ਇਲਾਵਾ ਸਟੇਟ ਟਰਾਂਸਪੋਰਟ ਅਥਾਰਟੀ ਅਤੇ ਟਰੈਫ਼ਿਕ ਪੁਲਿਸ ਦੇ
ਅਧਿਕਾਰੀ ਮੌਜੂਦ ਸਨ।