
ਚੰਡੀਗੜ੍ਹ, 29
ਅਗੱਸਤ (ਸਰਬਜੀਤ ਢਿੱਲੋਂ, ਨੀਲ ਭਲਿੰਦਰ ਸਿੰਘ) : 25 ਅਗੱਸਤ ਨੂੰ ਸੌਦਾ ਸਾਧ ਦੀ ਪੇਸ਼ੀ
ਮੌਕੇ ਪੰਚਕੂਲਾ 'ਚ ਪੱਤਰਕਾਰਾਂ 'ਤੇ ਹੋਏ ਜਾਨਲੇਵਾ ਹਮਲੇ ਤੇ ਮੋਟਰ ਵਾਹਨਾਂ ਨੂੰ ਸਾੜੇ
ਜਾਣ ਦੇ ਮਾਮਲੇ 'ਚ ਪ੍ਰੈੱਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਜਸਵੰਤ ਸਿੰਘ ਰਾਣਾ ਦੀ ਅਗਵਾਈ
ਵਿਚ ਪੱਤਰਕਾਰ ਭਾਈਚਾਰੇ ਵਲੋਂ ਰੋਸ ਪ੍ਰਗਟ ਕਰਨ ਲਈ ਹਰਿਆਣਾ ਰਾਜ ਭਵਨ ਤਕ ਭਾਰੀ ਰੋਸ
ਮਾਰਚ ਕਢਿਆ ਗਿਆ। ਉਨ੍ਹਾਂ ਅਪਣੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਅਤੇ ਇਨਸਾਫ਼ ਦਿਵਾਉਣ ਲਈ
ਲੰਮਾ ਤੇ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤਾ। ‘
ਇਸ ਮੌਕੇ ਪੱਤਰਕਾਰ ਭਾਈਚਾਰੇ ਵਲੋਂ
ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੂੰ ਮੰਗ ਪੱਤਰ ਸੌਂਪ ਕੇ ਇਕ ਦਰਜਨ
ਤੋਂ ਵੱਧ ਪ੍ਰੈੱਸ ਫ਼ੋਟੋਗ੍ਰਾਫ਼ਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਦੀਆਂ ਮੋਟਰ ਵੈਨਾਂ ਅਤੇ
ਸਕੂਟਰ, ਮੋਟਰਸਾਈਕਲ ਤੇ ਕਾਰਾਂ ਆਦਿ ਸਾੜੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ
ਸਾੜੇ ਗਏ ਵਾਹਨਾਂ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਕਲੱਬ ਦੀ ਗਵਰਨਿੰਗ
ਕੌਂਸਲ ਦੇ ਸਾਰੇ ਆਗੂ ਹਾਜ਼ਰ ਸਨ।
ਇਸ ਮੌਕੇ ਪੱਤਰਕਾਰ ਭਾਈਚਾਰੇ ਨਾਲ ਹਮਦਰਦੀ ਪ੍ਰਗਟ
ਕਰਦਿਆਂ ਉਨ੍ਹਾਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿਤਾ। ਇਸ
ਮੌਕੇ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਬਰਿੰਦਰ ਰਾਵਤ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ
ਹੋਇਆ ਕਿ ਪੁਲਿਸ ਅਤੇ ਗੁੰਡਾਂ ਅਨਸਰਾਂ ਵਲੋਂ ਮੀਡੀਆ 'ਤੇ ਜਾਨਲੇਵਾ ਹਮਲਾ ਹੋਇਆ। ਉਨ੍ਹਾਂ
ਕਿਹਾ ਪਹਿਲਾਂ ਵੀ ਪੱਤਰਕਾਰ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਉਨ੍ਹਾਂ
ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਭਾਰੀ ਰੋਸ ਪ੍ਰਗਟ
ਕਰਨਗੇ।
ਇਸ ਮੌਕੇ ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ
ਵਿਨੋਦ ਕੋਹਲੀ ਨੇ ਮੰਗ ਕੀਤੀ ਕਿ ਹਰਿਆਣਾ ਸਰਕਾਰ ਪੱਤਰਕਾਰਾਂ ਨਾਲ ਹੋਏ ਧੱਕੇ ਦਾ ਤੁਰਤ
ਮੁਆਵਜ਼ਾ ਦੇਵੇ। ਇਸ ਘਟਨਾ ਤੇ ਚੰਡੀਗੜ੍ਹ ਕਨਫ਼ੈਡਰੇਸ਼ਨ ਆਫ਼ ਇੰਡੀਆ ਟਰੇਡਜ਼ ਦੇ ਪ੍ਰਧਾਨ ਹਰੀਸ਼
ਗਰਗ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਹਮੇਸ਼ਾ ਸੱਚ 'ਤੇ ਪਹਿਰਾ ਦੇ ਕੇ ਸਮਾਜ ਦੀ ਅਗਵਾਈ
ਕਰਦਾ ਹੈ। ਇਸ ਲਈ ਹਰਿਆਣਾ ਸਰਕਾਰ ਉਨ੍ਹਾਂ ਨੂੰ ਇਨਸਾਫ਼ ਦੇਣ 'ਚ ਅਸਫ਼ਲ ਰਹੀ।
ਉਨ੍ਹਾਂ ਨੇ ਸੌਧਾ ਸਾਧ ਦੇ ਚੇਲਿਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਅਤੇ ਪੱਤਰਕਾਰਾਂ ਦੇ ਹੋਏ ਨੁਕਸਾਨ ਦੀ ਭਰਭਾਈ ਕਰਨ ਦੀ ਮੰਗ ਕੀਤੀ