
ਕੁਰਾਲੀ, 16 ਸਤੰਬਰ (ਸੁਖਵਿੰਦਰ ਸਿੰਘ
ਸੁੱਖੀ) : ਸੂਬੇ ਅੰਦਰ ਪੰਜਾਬੀ ਨੂੰ ਮਾਤ ਭਾਸ਼ਾ ਦਾ ਦਰਜਾ ਦਿਤਾ ਹੋਣ ਦੇ ਬਾਵਜੂਦ ਪੰਜਾਬ
ਵਿਚ ਹੀ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਿਸ਼ਾਲ
ਚੰਡੀਗੜ੍ਹ-ਖਰੜ ਨੈਸ਼ਨਲ ਹਾਈਵੇ 21 'ਤੇ ਪਿੰਡਾਂ ਦੀ ਦਿਸ਼ਾ ਵਿਖਾਉਂਦੇ ਸਾਈਨ ਬੋਰਡਾਂ ਵਿਚ
ਪੰਜਾਬੀ ਭਾਸ਼ਾ ਦੀ ਦੁਰਦਸ਼ਾ ਕੀਤੀ ਗਈ ਹੈ।
ਇਸ ਸੜਕ ਤੋਂ ਰੋਜ਼ਾਨਾ ਵੱਖ-ਵੱਖ
ਮਹਿਕਮਿਆਂ ਦੇ ਉੱਚ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਕਾਫ਼ਲੇ ਗੁਜ਼ਰਦੇ ਹਨ
ਪਰ ਕਿਸੇ ਨੇ ਵੀ ਇਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਵਲ ਗੌਰ ਨਹੀਂ ਕੀਤਾ। ਇਸ ਸਬੰਧੀ ਲੋਕਾਂ
ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਕੁੱਝ ਦਿਨ ਪਹਿਲਾਂ ਫੋਰ ਲੇਨ ਸੜਕ ਦਾ ਨਿਰਮਾਣ
ਕਰਨ ਵਾਲੀ ਇਕ ਨਿਜੀ ਕੰਪਨੀ ਵਲੋਂ ਪਿੰਡਾਂ ਦੇ ਬਾਹਰ ਬਣਾਏ ਬੱਸ ਕਿਉ ਸੈਲਟਰਾਂ 'ਤੇ ਅਤੇ
ਪਿੰਡਾਂ ਦੇ ਮੋੜਾਂ 'ਤੇ ਸਾਈਨ ਬੋਰਡ ਲਗਾਏ ਗਏ ਹਨ ਜਿਨ੍ਹਾਂ ਵਿਚ ਪੰਜਾਬੀ ਵਿਚ ਪਿੰਡਾਂ
ਦੇ ਨਾਂ ਗ਼ਲਤ ਲਿਖ ਦਿਤੇ, ਜਿਸ ਵੱਲ ਪ੍ਰਸ਼ਾਸਨ ਵਲੋਂ ਉੱਕਾ ਹੀ ਧਿਆਨ ਨਹੀਂ ਦਿਤਾ ਗਿਆ।
ਸੜਕ ਦਾ ਨਿਰਮਾਣ ਕਰਨ ਵਾਲੀ ਨਿਜੀ ਕੰਪਨੀ ਨੇ ਸਾਈਨ ਬੋਰਡ ਲਗਾਉਣ ਲਈ ਜਿਸ ਮਹਿਕਮੇ ਨਾਲ
ਤਾਲਮੇਲ ਕੀਤਾ ਕੀ ਉਸ ਦੇ ਅਧਿਕਾਰੀਆਂ ਨੇ ਇਸ ਵਲ ਧਿਆਨ ਨਹੀਂ ਦਿਤਾ। ਇਸ ਲਈ ਕੌਣ
ਜ਼ਿੰਮੇਵਾਰ ਹੈ? ਇਹ ਤਾ ਜਾਂਚ ਉਪਰੰਤ ਹੀ ਪਤਾ ਲੱਗ ਸਕੇਗਾ।
ਇਨ੍ਹਾਂ ਬੋਰਡਾਂ ਦੀ
ਜਾਣਕਾਰੀ ਮਿਲਣ ਤੇ ਪੱਤਰਕਾਰਾਂ ਵਲੋਂ ਤਸਵੀਰਾਂ ਲਈਆਂ ਗਈਆਂ ਜਿਨ੍ਹਾਂ ਵਿਚ ਕੁਰਾਲੀ ਤੋਂ
ਖਰੜ ਵਲ ਜਾਂਦਿਆਂ ਪਹਿਲਾ ਬੋਰਡ 'ਨਗਲ ਸਿੰਘਾ ਦਾ' ਲੱਗਿਆ ਹੈ ਜਦਕਿ ਪਿੰਡ ਦਾ ਨਾ 'ਨੱਗਲ
ਸਿੰਘਾ' ਹੈ। ਇਸੇ ਤਰ੍ਹਾਂ ਦੂਸਰਾ ਸਾਈਨ ਬੋਰਡ ਪਿੰਡ 'ਘੱਟੋਰ' ਦਾ ਲੱਗਾ ਹੈ ਜਿਸ ਪਿੰਡ
ਦਾ ਨਾਂ 'ਘਟੌਰ' ਹੈ। ਪਿੰਡ 'ਰਡਿਆਲਾ' ਦੇ ਬੱਸ ਅੱਡੇ 'ਤੇ ਲੱਗੇ ਸਾਈਨ ਬੋਰਡ 'ਤੇ ਪਿੰਡ
ਦਾ ਨਾਂ 'ਰਡਿਘਾਲਾ' ਦਾ ਲਿਖਿਆ ਹੈ। ਇਸੇ ਤਰ੍ਹਾਂ ਇਲਾਕੇ ਦੇ ਸੱਭ ਤੋਂ ਵੱਡੇ ਪਿੰਡ
'ਸਹੌੜਾਂ' ਦੇ ਬੱਸ ਕਿਉ ਸ਼ੈਲਟਰ 'ਤੇ ਪਿੰਡ ਦਾ ਨਾਂ 'ਸਹੋਤਾਂ' ਲਿਖਿਆ ਗਿਆ ਹੋਇਆ ਹੈ ਅਤੇ
ਸੱਭ ਤੋਂ ਵੱਡੀ ਗ਼ਲਤੀ 'ਰਿਆਤ ਬਾਹਰਾ ਯੂਨੀਵਰਸਿਟੀ' ਦੇ ਸਾਈਨ ਬੋਰਡ 'ਤੇ 'ਰਾਯਤ ਬਾਹਰਾ
ਯੂਨੀਵਰਸਿਟੀ' ਲਿਖ ਕੇ ਪੰਜਾਬੀ ਭਾਸ਼ਾ ਨਾਲ ਖਿਲਵਾੜ ਕੀਤਾ ਗਿਆ ਹੈ।
ਇਸ ਸਬੰਧੀ
ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਮੇਸ਼ ਸਿੰਘ ਬੜੌਦੀ ਨੇ ਕਿਹਾ ਕਿ
ਇਨ੍ਹਾਂ ਸਾਈਨ ਬੋਰਡਾਂ 'ਤੇ ਜਾਣਬੁੱਝ ਕੇ ਕੁੱਝ ਸ਼ਰਾਰਤੀ ਲੋਕਾਂ ਦੀ ਮਿਲੀਭੁਗਤ ਨਾਲ
ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾਇਆ ਗਿਆ ਜਿਸ ਸਬੰਧੀ ਡਿਪਟੀ ਕਮਿਸ਼ਨਰ ਮੋਹਾਲੀ ਢੁਕਵੀਂ
ਕਾਰਵਾਈ ਕਰਨ ਲਈ ਸ਼ਿਕਾਇਤ ਦੇ ਕੇ ਦੋਸ਼ੀ ਅਧਿਕਾਰੀਆਂ ਅਤੇ ਨਿਜੀ ਕੰਪਨੀ ਦੇ ਕਰਮਚਾਰੀਆਂ
ਵਿਰੁਧ ਕਾਰਵਾਈ ਦੀ ਮੰਗ ਕਰਾਂਗੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਗ਼ਲਤੀਆਂ ਕਰਨ
ਵਾਲੇ ਲੋਕਾਂ ਨੂੰ ਨੱਥ ਪਾਈ ਜਾ ਸਕੇ।
ਇਸ ਸਬੰਧੀ ਸੰਪਰਕ ਕਰਨ 'ਤੇ ਸੜਕ ਦਾ ਨਿਰਮਾਣ
ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬੀ ਵਿਚ ਗ਼ਲਤ ਲਿਖੇ ਨਾਂ ਜਲਦ ਠੀਕ
ਕਰਵਾ ਦਿਤੇ ਜਾਣਗੇ ਤੇ ਨਾਲ ਉਨ੍ਹਾਂ ਗ਼ਲਤੀ ਨੂੰ ਅਣਜਾਣਪੁਣੇ ਵਿਚ ਹੋਈ ਦਸਦਿਆਂ ਖਹਿੜਾ
ਛੁਡਾ ਲਿਆ।