
ਚੰਡੀਗੜ੍ਹ, 10 ਫ਼ਰਵਰੀ (ਸਰਬਜੀਤ ਢਿੱਲੋਂ) : ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਰਾਮਗੜ੍ਹੀਆ ਭਵਨ ਸੈਕਟਰ-27 ਵਿਚ ਪੰਜਾਬ ਲੋਕ ਵਿਰਸੇ ਨੂੰ ਪ੍ਰਫ਼ੁੱਲਤ ਕਰਨ ਲਈ ਪ੍ਰਧਾਨ ਸੇਵੀ ਰਾਇਤ ਅਤੇ ਜਨਰਲ ਸਕੱਤਰ ਸੁਦਰਸ਼ਨ ਸਿੰਘ ਮਾਵੀ ਦੀ ਅਗਵਾਈ ਵਿਚ ਖ਼ੂਬਸੂਰਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਉੱਘੇ ਕਲਾਕਾਰ ਕਰਮਜੀਤ ਬੱਗਾ ਦੀ ਅਗਵਾਈ ਵਿਚ ਪੰਜਾਬੀ ਕਲਾਕਾਰਾਂ, ਪੰਜਾਬ ਲੋਕ ਵਿਰਸੇ ਤੇ ਪੁਰਾਤਨ ਲੋਕ ਗਾਥਾਵਾਂ ਦੀਆਂ ਖ਼ੂਬਸੂਰਤ ਵੰਨਗੀਆਂ ਤੇ ਲੋਕ ਬੋਲੀਆਂ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਉਭਰਦੀ ਕਲਾਕਾਰ ਦਵਿੰਦਰ ਕੌਰ ਨੇ ਵੀ ਸਵਰਗੀ ਗਾਇਕ ਸੁਰਿੰਦਰ ਕੌਰ ਦੇ ਗਾਏ ਗੀਤਾਂ ਨੂੰ ਅਪਣੀ ਸੁਰੀਲੀ ਆਵਾਜ਼ ਵਿਚ ਗਾ ਕੇ ਸਰੋਤਿਆਂ ਤੋਂ ਭਰਵੀਂ ਪ੍ਰਸੰਸਾ ਕਬੂਲੀ। ਕਲਾਕਾਰ ਪਰਮਜੀਤ ਤੇ ਕਰਮਜੀਤ ਨੇ ਬੀਨਾਂ ਤੇ ਅਲਗੋਜ਼ਿਆਂ ਨਾਲ ਵਧੀਆ ਪੇਸ਼ਕੇਸ਼ ਕੀਤੀ। ਇਸ ਸਮਾਗਮ ਵਿਚ ਸੰਸਥਾ ਵਲੋਂ ਸਮਾਜ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ, ਜਸਵੰਤ ਸਿੰਘ ਭੁੱਲਰ ਅਤੇ ਰਮਨ ਸੰਧੂ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ 'ਚ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸ਼ੰਗਾਰਾ ਸਿੰਘ ਭੁੱਲਰ ਤੋਂ ਇਲਾਵਾ ਡਾ. ਸਵੈਰਾਜ ਸੰਧੂ ਅਤੇ ਦੇਸ਼ ਵਿਦੇਸ਼ ਤੋਂ ਆਏ ਸਰੋਤਿਆਂ ਨੇ ਇਸ ਸੰਗੀਤਮਈ ਪ੍ਰੋਗਰਾਮ ਦਾ ਖ਼ੂਬ ਅਨੰਦ ਮਾਣਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸਨ।