
ਐਸ.ਏ.ਐਸ. ਨਗਰ, 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਮੁਹਾਲੀ ਅਤੇ ਪੰਜਾਬ ਦੇ ਹੋਰਨਾਂ ਖੇਤਰਾਂ ਦੇ ਸਾਬਕਾ ਫ਼ੌਜੀ ਪੰਜਾਬ ਦੀਆਂ ਫ਼ੌਜੀ ਕੰਟੀਨਾਂ ਵਿਚ ਸ਼ਰਾਬ ਮਹਿੰਗੀ ਮਿਲਣ ਕਾਰਨ ਪ੍ਰੇਸ਼ਾਨ ਹਨ। ਇਨ੍ਹਾਂ ਸਾਬਕਾ ਫ਼ੌਜੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਨਿਜੀ ਦਖ਼ਲ ਦੇ ਕੇ ਸ਼ਰਾਬ ਦੇ ਰੇਟ ਚੰਡੀਗੜ੍ਹ ਅਤੇ ਹਰਿਆਣਾ ਦੀਆਂ ਕੰਟੀਨਾਂ ਬਰਾਬਰ ਕੀਤੇ ਜਾਣ। ਇਸ ਦੇ ਨਾਲ-ਨਾਲ ਸਾਬਕਾ ਫ਼ੌਜੀਆਂ ਨੂੰ ਟੋਲ ਟੈਕਸ ਵਿਚ ਛੋਟ ਦੇਣ ਅਤੇ ਸਰਕਾਰੀ ਨੌਕਰੀਆਂ ਵਿਚ ਸਾਬਕਾ ਫ਼ੌਜੀਆਂ ਨੂੰ ਪਹਿਲ ਦੇਣ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਐਕਸ ਸਰਵਿਸਮੈਨ ਗ੍ਰੀਵੈਂਸਿਜ਼ ਸੈਲ ਦੇ ਪ੍ਰਧਾਨ ਸੇਵਾਮੁਕਤ ਲੈਫ਼. ਕਰਨਲ ਐਸ.ਐਸ. ਸੋਹੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਚੰਡੀਗੜ੍ਹ ਅਤੇ ਹਰਿਆਣਾ ਦੀਆਂ ਕੰਟੀਨਾਂ ਵਿਚ ਕਿੰਗਫਿਸ਼ਰ ਬੀਅਰ 58 ਰੁਪਏ ਦੀ ਮਿਲਦੀ ਹੈ ਜਦਕਿ ਮੁਹਾਲੀ ਦੀ ਕੰਟੀਨ ਵਿਚ ਇਹ ਬੀਅਰ 82 ਰੁਪਏ ਦੀ ਹੈ।
ਚੰਡੀਗੜ੍ਹ ਦੀ ਕੰਟੀਨ ਵਿਚ ਰਮ 99 ਰੁਪਏ, ਹਰਿਆਣਾ ਵਿਚ 103 ਰੁਪਏ ਮਿਲਦੀ ਹੈ ਜਦਕਿ ਮੁਹਾਲੀ ਦੀ ਕੰਟੀਨ ਵਿਚ 164 ਰੁਪਏ ਦੀ ਮਿਲਦੀ ਹੈ। ਉਨ੍ਹਾਂ ਆਪਣੇ ਪੱਤਰ ਵਿਚ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਕਮਜ਼ੋਰ ਹੋਣ ਦਾ ਸਾਰਾ ਬੋਝ ਫੌਜੀਆਂ ਉਪਰ ਨਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਬਕਾ ਫ਼ੌਜੀਆਂ ਨੇ ਪੰਜਾਬ ਵਿਚ ਕੈਪਟਨ ਸਰਕਾਰ ਬਣਾਉਣ ਵਿਚ ਕਾਫ਼ੀ ਯੋਗਦਾਨ ਪਾਇਆ ਹੈ। ਇਸ ਲਈ ਟੈਕਸ ਨੀਤੀ ਵਿਚ ਤਬਦੀਲੀ ਕਰਕੇ ਪੰਜਾਬ ਦੀਆਂ ਕੰਟੀਨਾਂ ਵਿਚ ਸਾਬਕਾ ਫ਼ੌਜੀਆਂ ਨੂੰ ਸਸਤੀ ਸ਼ਰਾਬ ਦਿਤੀ ਜਾਵੇ। ਕਰਨਲ ਸੋਹੀ ਨੇ ਲਿਖਿਆ ਹੈ ਕਿ ਪਿਛਲੀ ਕੈਪਟਨ ਸਰਕਾਰ ਵੇਲੇ ਸਾਬਕਾ ਫ਼ੌਜੀਆਂ ਨੂੰ ਪੰਜਾਬ ਵਿਚ ਟੋਲ ਟੈਕਸ ਤੋਂ ਛੋਟ ਦਿਤੀ ਗਈ ਸੀ ਪਰ ਦੋ ਸਾਲ ਪਹਿਲਾਂ ਸਾਬਕਾ ਫ਼ੌਜੀਆਂ ਤੋਂ ਇਹ ਸਹੂਲਤ ਵਾਪਸ ਲੈ ਲਈ ਗਈ। ਉਨ੍ਹਾਂ ਕਿਹਾ ਕਿ ਸਾਬਕਾ ਫ਼ੌਜੀਆਂ ਨੂੰ ਮੁੜ ਟੋਲ ਟੈਕਸ ਮੁਆਫ਼ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵੱਡੀ ਗਿਣਤੀ ਬੇਰੁਜ਼ਗਾਰ ਸਾਬਕਾ ਫ਼ੌਜੀਆਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀਆਂ ਦਿਤੀਆਂ ਜਾਣ।