
ਚੰਡੀਗੜ੍ਹ,
8 ਸਤੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ
ਨਤੀਜਿਆਂ ਤੋਂ ਇਹ ਸਾਫ਼ ਪਤਾ ਚਲਦਾ ਹੈ ਕਿ ਬਹੁਗਿਣਤੀ ਵਾਲਾ ਮੰਤਰ ਇਥੇ ਕੰਮ ਨਹੀਂ ਕਰਦਾ।
ਇਸ ਦੀ ਥਾਂ 'ਤੇ ਸਿਆਸੀ ਪਾਰਟੀਆਂ ਨਾਲ ਜੁੜੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਵਿਦਿਆਰਥੀ
ਤਰਜ਼ੀਹ ਦੇਣ ਲੱਗੇ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵੋਟਾਂ ਦੇ
ਲਿਹਾਜ਼ ਨਾਲ ਯੂ.ਆਈ.ਈ.ਟੀ. ਵਿਭਾਗ ਸੱਭ ਤੋਂ ਵੱਡਾ ਵਿਭਾਗ ਹੈ, ਜਿਥੇ 2484 ਵੋਟਾਂ 'ਚੋਂ
1500 ਤੋਂ ਵੱਧ ਵੋਟਾਂ ਪੋਲ ਹੋਈਆਂ ਹਨ ਪਰ ਪਿਛਲੀਆਂ 3 ਚੋਣਾਂ (2015, 2016, 2017)
ਵਿਚ ਵਿਦਿਆਰਥੀ ਕੌਂਸਲ ਦਾ ਪ੍ਰਧਾਨ ਹੋਰ ਛੋਟੇ ਵਿਭਾਗਾਂ ਤੋਂ ਹੀ ਬਣਦਾ ਆ ਰਿਹਾ ਹੈ। ਇਸ
ਸਾਲ ਹੋਈਆਂ ਚੋਣਾਂ ਵਿਚ ਯੂ.ਆਈ.ਈ.ਟੀ. ਵਿਭਾਗ ਤੋਂ ਪ੍ਰਧਾਨਗੀ ਅਹੁਦੇ ਲਈ ਦੋ ਉਮੀਦਵਾਰ
ਅਰਮਾਨ ਗੋਹਿਲ ਅਤੇ ਅਵਿਨਾਸ਼ ਪਾਂਡੇ ਮੈਦਾਨ ਵਿਚ ਸਨ, ਪਰ ਦੋਵੇਂ ਹਾਰ ਗਏ। ਅਰਮਾਨ ਗੋਹਿਲ
ਨੂੰ ਤਾਂ ਸਿਰਫ਼ 13 ਵੋਟਾਂ ਹੀ ਮਿਲੀਆਂ ਜਦਕਿ ਅਵਿਨਾਸ਼ ਪਾਂਡੇ ਜੋ ਏ.ਬੀ.ਵੀ.ਪੀ. ਦਾ
ਇਕਲੌਤਾ ਉਮੀਦਵਾਰ ਸੀ, ਜ਼ਰੂਰ 1522 ਵੋਟਾਂ ਲੈ ਗਿਆ।
ਇਸੇ ਤਰ੍ਹਾਂ ਮੀਤ ਪ੍ਰਧਾਨ ਦੇ
ਅਹੁਦੇ ਲਈ ਯੂ.ਆਈ.ਈ.ਟੀ. ਤੋਂ ਐਸ.ਐਫ਼.ਐਸ. ਦਾ ਉਮੀਦਵਾਰ ਸ਼ਿਵ ਸੌਰਵ ਵੀ ਹਾਰ ਗਿਆ। ਸੱਭ
ਤੋਂ ਵੱਡੇ ਇਸ ਵਿਭਾਗ 'ਚੋਂ ਐਨ.ਐਸ.ਯੂ.ਆਈ. ਦੀ ਵਾਣੀ ਸੂਦ ਹੀ ਜਿੱਤ ਸਕੀ। ਦੂਜੇ ਲਫ਼ਜਾਂ
ਵਿਚ ਇਹ ਕਿਹਾ ਜਾ ਸਕਦਾ ਹੈ ਕਿ ਵਿਪਾਗਾਂ 'ਚ ਸਰਦਾਰੀ ਰੱਖਣ ਵਾਲਾ ਇਹ ਵਿਭਾਗ ਜਿਥੇ 7
ਉਮੀਦਵਾਰ ਮੈਦਾਨ 'ਚੋਂ ਸਿਰਫ਼ ਇਕ ਉਮੀਦਵਾਰ ਨੂੰ ਹੀ ਜਿੱਤ ਹਾਸਲ ਹੋਈ।
ਬਹੁਮਤ ਦੀ
ਦੂਜੀ ਹਾਰ: ਬਹੁਗਿਣਤੀ ਵੋਟਾ ਦੇ ਲਿਹਾਜ਼ ਨਾਲ ਕੈਂਪਸ ਵਿਚ ਲੜਕੀਆਂ ਦੀ ਸੰਖਿਆ ਮੁੰਡਿਆਂ
ਨਾਲੋਂ ਕਿਤੇ ਵੱਧ ਹੈ ਪਰ ਇਸ ਵਾਰੀ ਪ੍ਰਧਾਨਗੀ ਅਹੁਦੇ ਦੀ ਹਸ਼ਨਪ੍ਰੀਤ ਕੌਰ ਸਮੇਤ 10
ਉਮੀਦਵਾਰ ਲੜਕੀਆਂ ਮੈਦਾਨ ਵਿਚ ਸਨ ਪਰ ਜਿੱਤ ਸਿਰਫ਼ ਵਾਣੀ ਸੂਦ (ਸਕੱਤਰ) ਨੂੰ ਮਿਲੀ ਜੋ
ਐਨ.ਐਸ.ਯੂ.ਆਈ. ਨਾਲ ਸਬੰਧਤ ਹੋਣ ਕਰ ਕੇ ਹੀ ਜਿੱਤੀ ਹੈ।
ਸਿਆਸੀ ਪਾਰਟੀਆਂ ਨੂੰ
ਤਰਜੀਹ: ਪਿਛਲੇ 40 ਸਾਲਾਂ ਵਿਚ ਹੋਈਆਂ 28 ਵਾਰ ਚੋਣਾਂ ਵਿਚ ਕਦੇ ਕਿਸੇ ਕੁੜੀ ਨੂੰ
ਪ੍ਰਧਾਨਗੀ ਨਾ ਮਿਲਣਾ ਇਹ ਦਰਸਾਉਂਦਾ ਹੈ ਕਿ ਭਾਵੇਂ ਕੁੜੀਆਂ ਦੀ ਗਿਣਤੀ ਕੈਂਪਸ ਵਿਚ
ਜ਼ਿਆਦਾ ਹੋਵੇ ਪਰ ਪ੍ਰਧਾਨਗੀ ਦਾ ਤਾਜ ਮੁੰਡਿਆਂ ਕੋਲ ਹੀ ਰਹੇਗਾ। ਸਾਲ 2012 ਤੋਂ ਲੈ ਕੇ
ਸਾਲ 2017 ਤਕ ਸਿਆਸੀ ਪਾਰਟੀਆਂ ਨਾਲ ਜੁੜੇ ਉਮੀਦਵਾਰ ਹੀ ਜਿੱਤਦੇ ਆ ਰਹੇ ਹਨ। ਸਾਲ 2012
ਵਿਚ ਸੋਈ ਨੇ ਪੁਸੂ ਨਾਲ ਗਠਜੋੜ ਕਰ ਕੇ ਜਿੱਤ ਹਾਸਲ ਕੀਤੀ। ਸਾਲ 2012 ਵਿਚ ਸੋਈ ਨੇ ਸੋਪੂ
ਨਾਲ ਗਠਜੋੜ ਕੀਤਾ, ਜਿਸ ਵਿਚ ਐਸ.ਐਫ਼.ਆਈ. ਵੀ ਸ਼ਾਮਲ ਸੀ ਅਤੇ ਇਸ ਗਠਜੋੜ ਨੇ ਜਿੱਤ ਹਾਸਲ
ਕੀਤੀ।
ਸਾਲ 2013 ਅਤੇ 2014 ਵਿਚ ਕਾਂਗਰਸ ਦੀ ਜਥੇਬੰਦੀ ਐਨ.ਐਸ.ਯੂ.ਆਈ. ਨੇ ਲਗਾਤਾਰ
ਦੋ ਸਾਲ ਜਿੱਤ ਹਾਸਲ ਕੀਤੀ। ਸਾਲ 2015 ਵਿਚ ਜਿਸ ਸਮੇਂ ਪੰਜਾਬ ਵਿਚ ਅਕਾਲੀ ਦਲ ਦੀ
ਸਰਕਾਰ ਸੀ ਅਤੇ ਸੋਈ ਦੀ ਪੂਰੀ ਚੜ੍ਹਤ ਸੀ, ਇਸ ਨੇ ਇਨਸੋ ਨਾਲ ਮਿਲ ਕੇ ਹੂੰਝਾ ਫੇਰ ਜਿੱਤ
ਹਾਸਲ ਕੀਤੀ। ਸਾਲ 2016 ਵਿਚ ਗ਼ੈਰ ਸਿਆਸੀ ਸੰਗਠਨ ਪੁਸੂ ਨੇ ਭਾਵੇਂ ਜਿੱਤ ਹਾਸਲ ਕੀਤੀ ਪਰ
ਕਾਂਗਰਸ ਦਾ ਪੂਰਾ ਹੱਥ ਇਸੇ ਪਾਰਟੀ ਪਿਛੇ ਸੀ। ਇੰਨਾ ਹੀ ਨਹੀਂ ਕਾਂਗਰਸ ਦੇ ਅਪਣੇ
ਵਿਦਿਆਰਥੀ ਸੰਗਠਨ ਦਾ ਇਕ ਗਰੁੱਪ ਇਸ ਨਾਲ ਗਠਜੋੜ ਕਰ ਕੇ ਚੋਣਾਂ ਜਿੱਤਣ 'ਚ ਕਾਮਯਾਬ
ਰਿਹਾ, ਇਸ ਨਾਲ ਹੋਈਆਂ ਚੋਣਾਂ ਵਿਚ ਜਦ ਕਾਂਗਰਸ ਪੰਜਾਬ ਸੱਤਾ 'ਚ ਹੈ, ਐਨ.ਐਸ.ਯੂ.ਆਈ. ਨੇ
ਭਾਰੀ ਜਿੱਤ ਹਾਸਲ ਕੀਤੀ।
ਇਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਪੰਜਾਬ
ਨਾਲ ਸਬੰਧਤ ਮੁੱਖ ਸਿਆਸੀ ਪਾਰਟੀਆਂ ਦਾ ਅਸਰ ਇਨ੍ਹਾਂ ਚੋਣਾਂ 'ਤੇ ਜ਼ਰੂਰ ਪੈਂਦਾ ਹੈ। ਫਿਰ
ਭਾਵੇਂ ਉਹ ਅਕਾਲੀ ਦਲ ਹੋਵੇ ਜਾਂ ਕਾਂਗਰਸ। ਪਰ ਇਹ ਗੱਲ ਵੀ ਹੈਰਾਨੀ ਵਾਲੀ ਹੈ ਕਿ
ਏ.ਬੀ.ਵੀ.ਪੀ. ਨੂੰ ਇਨ੍ਹਾਂ ਚੋਣਾਂ ਵਿਚ ਕਦੇ ਪ੍ਰਧਾਨਗੀ ਨਹੀਂ ਮਿਲੀ ਭਾਵੇਂ ਕੇਂਦਰ ਵਿਚ
ਭਾਜਪਾ ਦੀ ਸਰਕਾਰ ਹੈ। ਹੁਣ ਚੰਡੀਗੜ੍ਹ 'ਚ ਭਾਜਪਾ ਦਾ ਦਬਦਬਾ ਹੈ, ਖੱਬੇਪੱਖੀ ਵਿਚਾਰਧਾਰਾ
ਵਾਲੀ ਐਸ.ਐਫ਼.ਐਸ. ਵੀ ਸ਼ਾਇਦ ਇਸੇ ਸ਼੍ਰੇਣੀ ਵਿਚ ਆਉਂਦੀ ਹੈ।