
ਐਸ.ਏ.ਐਸ
ਨਗਰ, 11 ਸਤੰਬਰ (ਗੁਰਨਾਮ ਸਾਗਰ, ਸੁਖਦੀਪ ਸਿੰਘ ਸੋਈ) : ਸਾਹਿਬਜ਼ਾਦਾ ਅਜੀਤ ਸਿੰਘ ਨਗਰ
'ਚ ਛੱਡੇ ਜਾਣ ਵਾਲੇ ਅਵਾਰਾ ਪਸ਼ੂ ਜਿਥੇ ਸੜਕੀ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਉਥੇ ਪਸ਼ੂ
ਪਾਲਕਾਂ ਵਲੋਂ ਪਾਰਕਾਂ ਵਿਚ ਬੰਨੇ ਪਸ਼ੂ ਵੀ ਸ਼ਹਿਰ ਦੀ ਸੁੰਦਰਤਾ ਨੂੰ ਖੋਰਾ ਲਗਾ ਰਹੇ ਹਨ
ਅਤੇ ਨਾਲ ਹੀ ਉੱਥੋਂ ਦੇ ਰਹਿਣ ਵਾਲੇ ਲੋਕਾਂ ਲਈ ਵੀ ਪ੍ਰੇਸ਼ਾਨੀ ਪੈਦਾ ਕਰਦੇ ਹਨ। ਸੈਕਟਰ
71 'ਚ 02 ਮਰਲੇ ਪਲਾਟ ਮਕਾਨਾਂ ਦੇ ਸਾਹਮਣੇ ਪਾਰਕ ਵਿਚ ਪਸ਼ੂ ਮਾਲਕਾਂ ਵਲੋਂ ਪਸ਼ੂ ਬੰਨਣ
ਕਾਰਨ ਆ ਰਹੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਲੋਕਾਂ ਵਲੋਂ ਇਸ ਮਾਮਲੇ ਨੂੰ ਸਥਾਨਕ ਵਿਧਾਇਕ
ਸ. ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿਚ ਲਿਆਉਣ 'ਤੇ ਉੁਨ੍ਹਾਂ ਪਾਰਕ ਦਾ ਜਾਇਜ਼ਾ ਲਿਆ ਅਤੇ
ਪਾਰਕ 'ਚ ਬੰਨ੍ਹੇ ਪਸ਼ੂਆਂ ਨੂੰ ਨਗਰ ਨਿਗਮ ਦੀ ਟੀਮ ਨੂੰ ਫੜਣ ਲਈ ਹਦਾਇਤਾਂ ਜਾਰੀ ਕਰਦਿਆਂ
ਪਸ਼ੂ ਮਾਲਕਾਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ।
ਵਰਨਣਯੋਗ ਹੈ ਕਿ 2 ਮਰਲਾ
ਪਲਾਟ ਦੇ ਮਕਾਨ ਮਾਲਕਾਂ ਵਲੋਂ ਦਸਿਆ ਗਿਆ ਕਿ ਨਗਰ ਨਿਗਮ ਦੇ ਕਰਮਚਾਰੀ, ਪਸ਼ੂ ਮਾਲਕਾਂ ਦੀ
ਮਿਲੀ ਭੁਗਤ ਨਾਲ ਪਸ਼ੂ ਛੱਡ ਦਿੰਦੇ ਹਨ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਸ.
ਸਿੱਧੂ ਨੇ ਇਸ ਮੌਕੇ ਨਗਰ ਨਿਗਮ ਦੇ ਕਰਮਚਾਰੀ ਕੇਸਰ ਸਿੰਘ ਨੂੰ ਤਾੜਨਾ ਕਰਦਿਆਂ ਕਿਹਾ ਕਿ
ਜਿਹੜੇ ਪਸ਼ੂ ਮਾਲਕ ਪਾਰਕਾਂ ਵਿਚ ਬੰਨ੍ਹਦੇ ਹਨ ਉਨ੍ਹਾਂ ਵਿਰੁਧ ਥਾਣੇ ਵਿਚ ਪਰਚਾ ਦਰਜ਼
ਕਰਵਾਇਆ ਜਾਵੇ। ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ.
ਸਿੱਧੂ ਨੇ ਇਸ ਮੌਕੇ ਮਟੌਰ ਪੁਲਿਸ ਨੂੰ ਮੌਕੇ ਦੇ ਸੱਦ ਕੇ ਪਸ਼ੂ ਮਾਲਕਾਂ ਵਿਰੁਧ ਕਾਰਵਾਈ
ਕਰਨ ਦੀਆਂ ਹਦਾਇਤਾਂ ਵੀ ਦਿਤੀਆਂ ਅਤੇ ਮੌਕੇ 'ਤੇ ਖੜ੍ਹੇ ਪਸ਼ੂ ਮਾਲਕਾਂ ਦੇ ਮੋਟਰ ਸਾਈਕਲਾਂ
ਨੂੰ ਥਾਣੇ ਬੰਦ ਕਰਵਾਇਆ।
ਸ. ਸਿੱਧੂ ਨੇ ਮੌਕੇ 'ਤੇ ਮੌਜੂਦ ਗਮਾਡਾ ਅਤੇ ਨਗਰ ਨਿਗਮ
ਦੇ ਅਧਿਕਾਰੀਆਂ ਨੂੰ ਹਦਾਇਤ ਦਿਤੀ ਕਿ ਇਸ ਪਾਰਕ ਦੀ ਤੁਰਤ ਸਾਫ਼-ਸਫ਼ਾਈ ਕਰਵਾਈ ਜਾਵੇ ਅਤੇ
ਟੁੱਟੀ ਹੋਈ ਦੀਵਾਰ ਦੀ ਮੁੜ ਉਸਾਰੀ ਕਰਵਾਈ ਜਾਵੇ ਤਾਂ ਜੋ ਪਾਰਕ ਵਿਚ ਪਸ਼ੂ ਦਾਖ਼ਲ ਨਾ ਹੋ
ਸਕਣ।
ਵਰਨਣਯੋਗ ਹੈ ਕਿ ਇਲਾਕੇ ਦੇ ਲੋਕਾਂ ਵਲੋਂ ਪਿਛਲੇ ਲੰਮੇ ਚਿਰ ਤੋਂ ਪਾਰਕ ਦੀ
ਸਫ਼ਾਈ ਕਰਾਉਣ ਅਤੇ ਪਾਰਕ ਵਿਚ ਪਸ਼ੂ ਬੰਨਣ ਤੋਂ ਰੋਕਣ ਲਈ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ
ਸ.ਸਿੱਧੂ ਦੇ ਯਤਨਾਂ ਸਦਕਾ ਇਹ ਮੰਗ ਪੂਰੀ ਹੋਵੇਗੀ। ਇਸ ਮੌਕੇ ਗਮਾਡਾ ਅਤੇ ਨਗਰ ਨਿਗਮ ਦੇ
ਅਧਿਕਾਰੀਆਂ ਤੋਂ ਇਲਾਵਾ ਸ. ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾਂ ਮਛਲੀ ਕਲਾਂ
ਅਤੇ ਕੌਂਸਲਰ ਅਮਰੀਕ ਸਿੰਘ ਸੋਮਲ ਸਮੇਤ ਹੋਰ ਪੰਤਵੰਤੇ ਅਤੇ ਦੋ ਮਰਲਾ ਪਲਾਟ ਮਕਾਨ ਮਾਲਕ
ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ।