
ਚੰਡੀਗੜ੍ਹ: ਪੰਜਾਬ ਵਿਚ ਫਿਰ ਕੜਾਕੇ ਦੀ ਸਰਦੀ ਇੱਕ ਵਾਰ ਫਿਰ ਆਪਣਾ ਰੰਗ ਦਿਖਾਏਗੀ। ਲਗਭਗ 40 ਦਿਨ ਬਾਅਦ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਨਾਲ ਸੂਬੇ ਵਿਚ ਬਾਰਿਸ਼ ਆਵੇਗੀ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ 23 ਅਤੇ 24 ਜਨਵਰੀ ਨੂੰ ਸੂਬੇ ਭਰ ਵਿਚ ਬੱਦਲ ਛਾਏ ਰਹਿਣਗੇ। ਇਸ ਦੌਰਾਨ ਕਈ ਥਾਵਾਂ 'ਤੇ ਬੂੰਦਾਂਬਾਂਦੀ ਹੋਣ ਦੀ ਪੂਰੀ ਸੰਭਾਵਨਾ ਹੈ। ਇਹੀ ਨਹੀਂ ਕੁਝ ਥਾਵਾਂ 'ਤੇ ਹਨ੍ਹੇਰੀ ਚੱਲਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
ਚੰਡੀਗੜ੍ਹ ਦੇ ਮੌਸਮ ਵਿਭਾਗ ਅਨੁਸਾਰ ਬਾਰਿਸ਼ ਦੇ ਕਾਰਨ ਤਾਪਮਾਨ ਵਿਚ ਗਿਰਾਵਟ ਆਏਗੀ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੜਾਕੇ ਦੀ ਠੰਡ ਪਵੇਗੀ। ਹਾਲਾਂਕਿ 25 ਜਨਵਰੀ ਤੋਂ ਬੱਦਲ ਹਟ ਜਾਣਗੇ ਅਤੇ ਮੌਸਮ ਆਮ ਹੋ ਜਾਵੇਗਾ। ਇਸ ਤੋਂ ਬਾਅਦ ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਪੈਣ ਦੀ ਸੰਭਾਵਨਾ ਵਧ ਜਾਵੇਗੀ। ਖੇਤੀ ਮਾਹਿਰਾਂ ਨੇ ਬਾਰਿਸ਼ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਐੱਸਐੱਮਐੱਸ ਅਤੇ ਵਾਟਸਐਪ ਗਰੁੱਪ ਜ਼ਰੀਏ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਇਸ ਹਫ਼ਤੇ ਵਿਚ ਸਿੰਚਾਈ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਖੇਤੀ ਮਾਹਿਰ ਡਾ. ਅਮਰੀਕ ਸਿੰਘ ਅਨੁਸਾਰ ਜੇਕਰ ਬਾਰਿਸ਼ ਹੁੰਦੀ ਹੈ ਤਾਂ ਇਹ ਕਣਕ ਦੀ ਫ਼ਸਲ ਲਈ ਚੰਗੀ ਸਾਬਤ ਹੋਵੇਗੀ।
ਉਨ੍ਹਾਂ ਦਾ ਕਹਿਣਾ ਹੈ ਕਿ ਬਾਰਿਸ਼ ਤੋਂ ਬਾਅਦ ਠੰਡ ਵਧਣ ਨਾਲ ਕਣਕ ਦੇ ਪੌਦਿਆਂ ਦੀ ਟਿਲਰਿੰਗ ਜ਼ਿਆਦਾ ਹੋਵੇਗੀ। ਟਿਲਰਿੰਗ ਜ਼ਿਆਦਾ ਹੋਣ ਨਾਲ ਪੌਦਿਆਂ ਵਿਚ ਜ਼ਿਆਦਾ ਦਾਣੇ ਪੈਣਗੇ। ਇਸ ਨਾਲ ਪੈਦਾਵਾਰ ਵਧੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਹਫ਼ਤੇ ਤੋਂ ਤਾਪਮਾਨ ਜ਼ਿਆਦਾ ਚੱਲ ਰਿਹਾ ਸੀ। ਇਸ ਨਾਲ ਕਣਕ ਦੀ ਫ਼ਸਲ 'ਤੇ ਪ੍ਰਭਾਵ ਪੈ ਰਿਹਾ ਸੀ। ਇਸ ਤੋਂ ਪਹਿਲਾਂ 12 ਦਸੰਬਰ ਨੂੰ 12 ਦਸੰਬਰ ਨੂੰ ਪੂਰੇ ਸੂਬੇ ਵਿਚ ਬਾਰਿਸ਼ ਹੋਈ ਸੀ। ਇਕੱਲੇ ਲੁਧਿਆਣਾ ਵਿਚ ਹੀ ਇੱਕ ਦਿਨ ਵਿਚ 24 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ ਜੋ ਇੱਕ ਰਿਕਾਰਡ ਸੀ। ਉਸ ਦੇ ਬਾਅਦ ਹੁਣ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।